ਸ਼ਿਕਾਗੋ ਹਵਾਈ ਅੱਡੇ ‘ਤੇ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ

512
Share

ਵਾਸ਼ਿੰਗਟਨ, 16 ਦਸੰਬਰ (ਪੰਜਾਬ ਮੇਲ)- ਸ਼ਿਕਾਗੋ ਦੇ ਓ’ਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਾਪਰੇ ਦੁਖਦ ਹਾਦਸੇ ਵਿਚ ਜਹਾਜ਼ ਦੇ ਉਪਕਰਨ ਦੇ ਹੇਠਾਂ ਦਬ ਕੇ ਇਕ ਭਾਰਤੀ ਵਿਅਕਤੀ ਦੀ ਮੌਤ ਹੋ ਗਈ। ਕੁਕ ਕਾਊਂਟੀ ਮੈਡੀਕਲ ਜਾਂਚ ਦਫਤਰ ਵੱਲੋਂ ਸੋਮਵਾਰ ਨੂੰ ਜਾਰੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ, 35 ਸਾਲਾ ਜੀਜੋ ਜਾਰਜ ਨੂੰ ਹਵਾਈ ਅੱਡੇ ‘ਤੇ ਜਹਾਜ਼ਾਂ ਨੂੰ ਲਿਜਾਣ ਵਾਲੀ ਗੱਡੀ ਦੇ ਹੇਠਾਂ ਆਉਣ ਦੇ ਬਾਅਦ ਗੰਭੀਰ ਸੱਟਾਂ ਲੱਗੀਆਂ, ਜਿਸ ਦੇ ਬਾਅਦ ਉਸ ਦੀ ਮੌਤ ਹੋ ਗਈ।
ਜਾਰਜ ਦੇ ਪਰਿਵਾਰ ਵਿਚ ਪਤਨੀ ਹੈ ਜੋ ਅੱਠ ਮਹੀਨੇ ਦੀ ਗਰਭਵਤੀ ਹੈ। ਉਸ ਦੇ ਇਲਾਵਾ ਇਕ ਛੋਟਾ ਬੱਚਾ ਅਤੇ ਉਸ ਦੇ ਮਾਤਾ-ਪਿਤਾ ਹਨ। ਜਾਰਜ ਦੇ ਪਰਿਵਾਰ ਦੇ ਲਈ ਚੰਦਾ ਇਕੱਠਾ ਕਰਨ ਲਈ ਆਨਲਾਈਨ ਮੁਹਿੰਮ ਚਲਾਈ ਗਈ ਹੈ। ਜਾਰਜ ਕੇਰਲ ਦੇ ਪਤਾਨਾਪੁਰਮ ਤੋਂ ਸ਼ਿਕਾਗੋ ਆਏ ਸਨ। ਮੀਡੀਆ ਵਿਚ ਆਈਆਂ ਖ਼ਬਰਾਂ ਦੇ ਮੁਤਾਬਕ, ਜਾਰਜ ਦੇ ਪਿਤਾ ਕੁੰਜੂਮੋਨ ਅਤੇ ਮਾਂ ਮੋਨੀ ਵੀ ਉਸ ਦੇ ਨਾਲ ਸ਼ਿਕਾਗੋ ਵਿਚ ਰਹਿ ਰਹੇ ਹਨ। ਜਾਰਜ ‘ਐਨਵਾਏ ਏਅਰ’ ਵਿਚ ਮਕੈਨਿਕ ਦੇ ਤੌਰ ‘ਤੇ ਕੰਮ ਕਰਦਾ ਸੀ। ਹਵਾਈ ਅੱਡੇ ਦੇ ਨੇੜੇ ਇਕ ਇਮਾਰਤ ਵਿਚ ਕੰਮ ਕਰਦਿਆਂ ਉਸ ਦੀ ਮੌਤ ਹੋਈ।
ਸ਼ਿਕਾਗੋ ਪੁਲਸ ਨੇ ਕਿਹਾ ਕਿ ਉਸ ਨੂੰ ਦੁਪਹਿਰ 2 ਵਜੇ ਹਵਾਈ ਅੱਡੇ ਤੋਂ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ ਗਈ ਕਿ ਗੱਡੀ ਦੇ ਹੇਠਾਂ ਇਕ ਵਿਅਕਤੀ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਰਜ ਨੂੰ ਰਿਸਰੇਕਸ਼ਨ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਦੁਪਹਿਰ 3:50 ਵਜੇ ਉਸ ਦੀ ਮੌਤ ਹੋ ਗਈ। ‘ਸ਼ਿਕਾਗੋ ਸਨ ਟਾਈਮਜ਼’ ਦੀ ਖ਼ਬਰ ਦੇ ਮੁਤਾਬਕ, ਪੋਸਟਮਾਰਟਮ ਰਿਪੋਰਟ ਵਿਚ ਉਸ ਦੀ ਮੌਤ ਹਾਦਸੇ ਵਿਚ ਹੋਈ ਦੱਸੀ ਗਈ ਹੈ।


Share