ਸ਼ਿਕਾਗੋ ਵਿਚ ਅਣਪਛਾਤੇ ਹਮਲਾਵਰਾਂ ਵੱਲੋਂ ਚਲਾਈਆਂ ਗੋਲੀਆਂ ਦੀ ਬੁਛਾਰ ਵਿਚ ਆਉਣ ਨਾਲ 8 ਸਾਲਾ ਬੱਚੀ ਦੀ ਮੌਤ, ਇਕ ਵਿਅਕਤੀ ਗੰਭੀਰ ਜ਼ਖਮੀ

186
ਸਟੋਰ ਦੇ ਬਾਹਰ ਘਟਨਾ ਦੀ ਜਾਂਚ ਲਈ ਪੁੱਜੀ ਪੁਲਿਸ
Share

ਸੈਕਰਾਮੈਂਟੋ, 24 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਸ਼ਿਕਾਗੋ ਵਿਚ ਆਪਣੇ ਨਿਗਰਾਨ ਨਾਲ ਜਾ ਰਹੀ ਮੀਲਿਸਾ ਓਰਟੇਗਾ ਨਾਮੀ 8 ਸਾਲਾ ਬੱਚੀ ਦੀ ਅਚਾਨਕ ਗੋਲੀ ਵੱਜਣ ਨਾਲ ਮੌਤ ਹੋ ਗਈ। ਪੁਲਿਸ ਅਨੁਸਾਰ ਹਮਲਾਵਰ ਦਾ ਨਿਸ਼ਾਨਾ ਨਾ ਬੱਚੀ ਤੇ ਨਾ ਹੀ ਉਸ ਦਾ ਨਿਗਰਾਨ ਸੀ। ਅਣਪਛਾਤੇ ਹਮਲਾਵਰਾਂ ਦਾ ਨਿਸ਼ਾਨਾ ਇਕ 26 ਸਾਲਾ ਵਿਅਕਤੀ ਸੀ ਜੋ ਸਟੋਰ ਵਿਚੋਂ ਬਾਹਰ ਨਿਕਲ ਰਿਹਾ ਸੀ। ਅਣਪਛਾਤੇ ਹਮਲਾਵਰਾਂ ਨੇ ਉਸ ਉਪਰ ਗੋਲੀਆਂ ਚਲਾਈਆਂ ਤੇ ਉਹ ਬੁਰੀ ਤਰਾਂ ਜਖਮੀ ਹੋ ਗਿਆ। ਗੋਲੀਆਂ ਦੀ ਜ਼ੱਦ ਵਿਚ ਆਉਣ ਕਾਰਨ ਇਕ ਗੋਲੀ ਬੱਚੀ ਦੇ ਸਿਰ ਵਿਚ ਵੱਜੀ। ਉਸ ਨੂੰ ਸਟਰਾਂਗਰ ਹਸਪਪਤਾਲ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਈ। ਪੁਲਿਸ ਅਨੁਸਾਰ ਜਖਮੀ ਵਿਅਕਤੀ ਸਥਾਨਕ ਹਸਪਤਾਲ ਵਿਚ ਦਾਖਲ ਹੈ ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।  ਸ਼ਿਕਾਗੋ ਟੀਚਰ ਯੁਨੀਅਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮਾਰੀ ਗਈ ਬੱਚੀ ਓਰਟੇਗਾ ਸ਼ਿਕਾਗੋ ਦੇ ਛੋਟੇ ਜਿਹੇ ਪਿੰਡ ਵਿਚ ਈਮਿਲੀਆਨੋ ਜ਼ੇਪਾਟਾ ਅਕੈਡਮੀ ਦੀ ਵਿਦਿਆਰਥਣ ਸੀ ਜਿਥੋਂ ਥੋਹੜੀ ਹੀ ਦੂਰ  ਸਟੋਰ ਹੈ ਜਿਥੇ ਬੱਚੀ ਨੂੰ ਗੋਲੀ ਮਾਰੀ ਗਈ। ਯੁਨੀਅਨ ਨੇ ਬੱਚੀ ਦੇ ਮਾਪਿਆਂ ਨਾਲ ਦੁੱਖ ਪ੍ਰਗਟ ਕੀਤਾ ਹੈ।

 

 


Share