ਸ਼ਿਕਾਗੋ ਦੇ 4500 ਪੁਲਿਸ ਅਫ਼ਸਰਾਂ ਵਲੋਂ ਕੋਵਿਡ ਵੈਕਸੀਨ ਸੰਬੰਧੀ ਜਾਰੀ ਆਦੇਸ਼ਾਂ ਦੀ ਉਲੰਘਣਾ

317
Share

ਸੈਕਰਾਮੈਂਟੋ, 20 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸ਼ਿਕਾਗੋ ਦੇ ਤਕਰੀਬਨ 4500 ਪੁਲਿਸ ਅਫ਼ਸਰਾਂ ਨੇ ਕੋਵਿਡ ਵੈਕਸੀਨ ਸਬੰਧੀ ਜਾਰੀ ਆਦੇਸ਼ ਦੀ ਉਲੰਘਣਾ ਕਰਦੇ ਹੋਏ 15 ਅਕਤੂਬਰ ਤੱਕ ਵੈਕਸੀਨ ਬਾਰੇ ਸਥਿਤੀ ਰਿਪੋਰਟ ਨਹੀਂ ਦਿੱਤੀ। ਇਸ ਦਾ ਅਰਥ ਹੈ ਕਿ ਸ਼ਹਿਰ ਦੇ ਕੁੱਲ 12,770 ਪੁਲਿਸ ਅਫਸਰਾਂ ਵਿਚੋਂ 35 ਫੀਸਦੀ ਅਫ਼ਸਰਾਂ ਨੂੰ ਜਬਰਨ ਬਿਨਾਂ ਤਨਖਾਹ ਛੁੱਟੀ ਉਪਰ ਭੇਜਿਆ ਜਾ ਸਕਦਾ ਹੈ। ਸਿਟੀ ਕੌਂਸਲ ਅਨੁਸਾਰ 64 ਫੀਸਦੀ ਪੁਲਿਸ ਅਫ਼ਸਰਾਂ, ਜਿਨ੍ਹਾਂ ਨੇ ਰਿਪੋਰਟ ਦਿੱਤੀ ਹੈ, ਵਿਚੋਂ ਬਹੁਤਿਆਂ ਨੇ ਕਿਹਾ ਹੈ ਕਿ ਉਹ ਵੈਕਸੀਨ ਲਵਾ ਚੱਕੇ ਹਨ। 6894 ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਵੈਕਸੀਨ ਲਵਾ ਰਹੇ ਹਨ, ਜਦ ਕਿ 1333 ਨੇ ਕਿਹਾ ਹੈ ਕਿ ਉਨ੍ਹਾਂ ਨੇ ਵੈਕਸੀਨ ਨਹੀਂ ਲਵਾਈ। ਇਸ ਤਰ੍ਹਾਂ ਸ਼ਿਕਾਗੋ ਦੇ ਅੱਧੇ ਪੁਲਿਸ ਅਫ਼ਸਰਾਂ ਨੂੰ ਬਿਨਾਂ ਕਮਾਈ ਛੁੱਟੀ ’ਤੇ ਭੇਜਿਆ ਜਾ ਸਕਦਾ ਹੈ। ਉਂਝ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ, ਉਹ ਸ਼ਿਕਾਗੋ ਪੁਲਿਸ ਵਿਭਾਗ ਵਿਚ ਕੰਮ ਕਰਦੇ ਰਹਿਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਹਫਤੇ ਵਿਚ ਦੋ ਵਾਰ ਕੋਵਿਡ-19 ਦੀ ਟੈਸਟ ਰਿਪੋਰਟ ਦੇਣੀ ਪਵੇਗੀ।

Share