ਸ਼ਿਕਾਗੋ ’ਚ ਕਾਰ ਨੂੰ ਰੋਕਣ ’ਤੇ ਹੋਈ ਗੋਲੀਬਾਰੀ ’ਚ ਇਕ ਪੁਲਿਸ ਅਧਿਕਾਰੀ ਦੀ ਮੌਤ: ਇਕ ਗੰਭੀਰ ਜ਼ਖਮੀ

560
ਮੇਅਰ ਲੌਰੀ ਲਾਈਟਫੁੱਟ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦੀ ਹੋਈ।
ਸੈਕਰਾਮੈਂਟੋ, 9 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਇਲੀਨੋਇਸ ਦੇ ਸ਼ਹਿਰ ਸ਼ਿਕਾਗੋ ’ਚ ਰੂਟੀਨ ਦੀ ਚੈਕਿੰਗ ਦੌਰਾਨ ਇਕ ਟਰੈਫਿਕ ਸਟਾਪ ’ਤੇ ਵਾਪਰੀ ਗੋਲੀਬਾਰੀ ਦੀ ਘਟਨਾ ’ਚ ਸ਼ਿਕਾਗੋ ਪੁਲਿਸ ਦੇ ਇਕ ਅਫਸਰ ਦੀ ਮੌਤ ਹੋ ਗਈ ਤੇ ਇਕ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਸ਼ਿਕਾਗੋ ਦੇ ਪੁਲਿਸ ਸੁਪਰਡੈਂਟ ਡੇਵਿਡ ਬਰਾਊਨ ਨੇ ਕਿਹਾ ਹੈ ਕਿ ਇਕ ਗੱਡੀ ਨੂੰ ਰੋਕੇ ਜਾਣ ’ਤੇ ਉਸ ਵਿਚ ਸਵਾਰ ਦੋ ਵਿਅਕਤੀਆਂ ਤੇ ਇਕ ਔਰਤ ਨੇ ਪੁਲਿਸ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੌਰਾਨ ਇਕ ਪੁਲਿਸ ਅਧਿਕਾਰੀ ਮਾਰਿਆ ਗਿਆ ਤੇ ਦੂਸਰਾ ਗੰਭੀਰ ਜ਼ਖਮੀ ਹੋ ਗਿਆ। ਡੇਵਿਡ ਬਰਾਊਨ ਨੇ ਦੱਸਿਆ ਕਿ ਪੁਲਿਸ ਦੀ ਜਵਾਬੀ ਕਾਰਵਾਈ ’ਚ ਗੱਡੀ ’ਚ ਸਵਾਰ ਇਕ ਵਿਅਕਤੀ ਦੇ ਵੀ ਗੋਲੀ ਲੱਗੀ ਹੈ, ਜਿਸ ਨੂੰ ਹਿਰਾਸਤ ’ਚ ਲੈ ਕੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਹੈ। ਬਾਕੀ ਦੋਨਾਂ ਨੂੰ ਵੀ ਹਿਰਾਸਤ ’ਚ ਲੈ ਲਿਆ ਗਿਆ ਹੈ। ਮਾਰੇ ਗਏ ਪੁਲਿਸ ਅਧਿਕਾਰੀ ਦੀ ਸ਼ਨਾਖਤ ਈਲਾ ਫਰੈਂਚ ਵਜੋਂ ਹੋਈ ਹੈ। ਬਰਾਊਨ ਨੇ ਦੱਸਿਆ ਕਿ ਗੋਲੀਬਾਰੀ ਤੋਂ ਪਹਿਲਾਂ ਕੀ ਕੁਝ ਹੋਇਆ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਮੇਅਰ ਲੌਰੀ ਲਾਈਟਫੁੱਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਦਿਨ ਬੇਹੱਦ ਅਫਸੋਸ ਤੇ ਦੁੱਖ ਭਰਿਆ ਹੈ। ਮੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਦੀ ਭੂਮਿਕਾ ਨੂੰ ਲੈ ਕੇ ਨਿਰੰਤਰ ਵਿਰੋਧ ਨਾ ਕਰਨ। ਪੁਲਿਸ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਲੋਕਾਂ ਦੀ ਰੱਖਿਆ ਕਰਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਸਾਡੀ ਦੁਸ਼ਮਣ ਨਹੀਂ ਹੈ। ਸਾਨੂੰ ਇਕਜੁੱਟ ਹੋਣ ਦੀ ਲੋੜ ਹੈ। ਸਾਡਾ ਸਾਂਝਾ ਦੁਸ਼ਮਣ ਅਪਰਾਧੀਆਂ ਦੇ ਗਿਰੋਹ ਤੇ ਅਗਨ ਸ਼ਸਤਰ ਹਨ। ਲਾਈਟਫੁੱਟ ਮਾਰੇ ਗਏ ਪੁਲਿਸ ਅਧਿਕਾਰੀ ਦੇ ਘਰ ਵੀ ਗਈ, ਜਿੱਥੇ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਥੇ ਜ਼ਿਕਰਯੋਗ ਹੈ ਕਿ 1988 ਤੋਂ ਬਾਅਦ ਡਿਊਟੀ ਦੌਰਾਨ ਗੋਲੀਬਾਰੀ ’ਚ ਮਰਨ ਵਾਲੀ ਈਲਾ ਫਰੈਂਚ ਪਹਿਲੀ ਔਰਤ ਹੈ। 1988 ’ਚ ਇਕ ਐਲੀਮੈਂਟਰੀ ਸਕੂਲ ’ਚ ਹੋਈ ਗੋਲੀਬਾਰੀ ’ਚ ਇਰਮਾ ਰੂਇਜ਼ ਨਾਂ ਦੀ ਔਰਤ ਪੁਲਿਸ ਅਧਿਕਾਰੀ ਮਾਰੀ ਗਈ ਸੀ।