ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਵੱਲੋਂ ਕਬੱਡੀ ਟੂਰਨਾਮੈਂਟ 2 ਅਕਤੂਬਰ ਨੂੰ

81
ਸੈਕਰਾਮੈਂਟੋ, 7 ਸਤੰਬਰ (ਪੰਜਾਬ ਮੇਲ)- ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਵੱਲੋਂ ਇੰਟਰਨੈਸ਼ਨਲ ਕਬੱਡੀ ਕੱਪ 2 ਅਕਤੂਬਰ, ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ, ਸੈਕਰਾਮੈਂਟੋ ਵਿਖੇ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਅਕੈਡਮੀ ਦੇ ਬਹੁਤ ਸਾਰੇ ਮੈਂਬਰਾਂ ਨੇ ਹਿੱਸਾ ਲਿਆ ਅਤੇ ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਲਈ ਵਿਚਾਰ-ਵਟਾਂਦਰੇ ਕੀਤੇ ਗਏ।
ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਦੀਆਂ ਗਰਾਊਂਡਾਂ ’ਚ ਹੋਣ ਵਾਲੇ ਇਸ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਵਿਚ ਅੰਤਰਰਾਸ਼ਟਰੀ ਖਿਡਾਰੀ ਹਿੱਸਾ ਲੈਣਗੇ। ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਯੂ.ਐੱਸ.ਏ. ਵੱਲੋਂ ਬਣਾਏ ਗਏ ਨਿਯਮ ਤੇ ਸ਼ਰਤਾਂ ਸਮੂਹ ਟੀਮਾਂ ਅਤੇ ਖਿਡਾਰੀਆਂ ’ਤੇ ਲਾਗੂ ਹੋਣਗੀਆਂ। ਪ੍ਰਬੰਧਕਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਗੁਰਦੁਆਰਾ ਸਾਹਿਬ ਦੀ ਹਦੂਦ ’ਚ ਹੋਣ ਵਾਲੇ ਇਸ ਟੂਰਨਾਮੈਂਟ ਦੌਰਾਨ ਕੋਈ ਵੀ ਨਸ਼ਾ ਕਰਕੇ ਜਾਂ ਹਥਿਆਰ ਲੈ ਕੇ ਨਾ ਆਵੇ। ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਲਈ ਮੀਟਿੰਗ ਦੌਰਾਨ ਮੈਂਬਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਇਸ ਮੌਕੇ ਆਏ ਹੋਏ ਦਰਸ਼ਕਾਂ ਲਈ ਲੰਗਰ ਦੀ ਸੇਵਾ ਵੀ ਹੋਵੇਗੀ। ਬੀਬੀਆਂ ਦੇ ਬੈਠਣ ਦਾ ਵੱਖਰਾ ਇੰਤਜ਼ਾਮ ਹੋਵੇਗਾ। ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ। ਪ੍ਰਬੰਧਕਾਂ ਵੱਲੋਂ ਸਮੂਹ ਸੰਗਤ ਨੂੰ ਇਸ ਮਹਾਨ ਖੇਡ ਕਬੱਡੀ ਟੂਰਨਾਮੈਂਟ ਵਿਚ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ।