ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਵਲੋਂ ਸੈਕਰਾਮੈਂਟੋ ’ਚ ਹਾਕੀ ਟੂਰਨਾਮੈਂਟ ਕਾਮਯਾਬੀ ਨਾਲ ਸੰਪੰਨ

63
ਸੈਕਰਾਮੈਂਟੋ, 19 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਵਲੋਂ ਐਲਕ ਗਰੋਵ (ਸੈਕਰਾਮੈਂਟੋ) ਵਿਖੇ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦੌਰਾਨ ਯੂਬਾ ਬ੍ਰਦਰਜ਼ ਯੂਬਾ ਸਿਟੀ ਨੇ ਐੱਲ.ਏ. ਕਿੰਗਜ਼ ਨੂੰ ਫਸਵੇਂ ਮੈਚ ’ਚ 1-0 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੁਪਰ ਡਵੀਜ਼ਨ ’ਚ ਕੁੱਲ ਛੇ ਟੀਮਾਂ ਨੇ ਹਿੱਸਾ ਲਿਆ ਅਤੇ ਸੋਸ਼ਲ ਡਵੀਜ਼ਨ ’ਚ ਕੁੱਲ ਚਾਰ ਟੀਮਾਂ ਨੇ ਹਿੱਸਾ ਲਿਆ, ਜਿਨਾਂ ’ਚ ਪਹਿਲੇ ਸਥਾਨ ’ਤੇ ਫਰਿਜ਼ਨੋਂ ਬੀ ਅਤੇ ਈਗਲ ਫੀਲਡ ਹਾਕੀ, ਫੇਅਰਫੀਲਡ ਦੂਜੇ ਸਥਾਨ ’ਤੇ ਰਹੇ। ਇਸ ਤੋਂ ਇਲਾਵਾ ਬੱਚਿਆਂ ਦੀਆਂ ਹਾਕੀ ਟੀਮਾਂ ਨੇ ਵੱਖਰੇ ਤੌਰ ’ਤੇ ਹਿੱਸਾ ਲਿਆ ਤੇ ਫਰਿਜ਼ਨੋਂ ਦੀ ਟੀਮ ਜੇਤੂ ਰਹੀ। ਕੁੱਲ 18 ਮੈਚ ਹੋਏ, ਜਿਨ੍ਹਾਂ ’ਚ ਕਈ ਇੰਟਰਨੈਸ਼ਨਲ ਖਿਡਾਰੀ ਵੀ ਖੇਡੇ, ਇਨ੍ਹਾਂ ’ਚ ਸ਼ਾਮਲ ਸਨ ਦਵਿੰਦਰ ਬਾਲਮੀਕੀ, ਹਰਪਾਲ ਸਿੰਘ ਜੋ ਇੰਡੀਆ ਟੀਮ ਲਈ ਖੇਡੇ ਸਨ। ਇਸੇ ਤਰ੍ਹਾਂ ਸਜ਼ਾਦ ਅਨਵਰ ਜੋ ਪਾਕਿਸਤਾਨੀ ਹਾਕੀ ਟੀਮ ’ਚ ਖੇਡ ਚੁੱਕੇ ਹਨ, ਵੀ ਇਥੇ ਅਪਾਣੀਆਂ-ਆਪਣੀਆਂ ਟੀਮਾਂ ’ਚ ਖੇਡੇ। ਇਸ ਮੌਕੇ ਇੰਡੀਆ ਵੱਲੋਂ ਓਲੰਪਿਕ ਖੇਡ ਚੁੱਕੇ ਖਿਡਾਰੀ ਭਾਰਤੀ ਹਾਕੀ ਟੀਮ ਦੇ ਸਾਬਕਾ ਕੈਪਟਨ ਬਲਜੀਤ ਸਿੰਘ ਸੈਣੀ, ਨਿਰਮਲ ਸਿੰਘ, ਰਾਜੇਸ਼ ਚੌਹਾਨ, ਸੁਰਜੀਤ ਸਿੰਘ ਮਿੱਠਾ, ਰਣਜੋਧ ਸਿੰਘ ਸੰਘਾ ਸਮੇਤ ਹੋਰਨਾਂ ਸ਼ਖਸੀਅਤਾਂ ਨੂੰ ਵੀ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਸਨਮਾਨਤ ਕੀਤਾ ਗਿਆ। ਰਣਧੀਰ ਸਿੰਘ ਧੀਰਾ ਨਿੱਜਰ, ਪ੍ਰਗਟ ਸਿੰਘ ਸੰਧੂ, ਗੁਰਮੀਤ ਵੜੈਚ, ਬਿੱਟੂ ਰੰਧਾਵਾ, ਹੈਪੀ ਬਰਿਆਨਾ, ਨਰਿੰਦਰ ਥਾਂਦੀ, ਤਰਲੋਚਨ ਅਟਵਾਲ, ਗੋਲਡੀ ਲਾਲੀ, ਭੁਪਿੰਦਰ ਸੰਘੇੜਾ, ਹੈਪੀ ਔਲਖ, ਗੁਰਜੀਤ ਦਿਓਲ, ਪਿੰਦੀ ਸੰਧੂ, ਲਾਡਾ ਢਿੱਲੋਂ, ਪੰਮਾ ਲੱਧੜ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪ੍ਰਬੰਧਕਾਂ ਨੇ ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਲਈ ਦਿਨ-ਰਾਤ ਇਕ ਕਰ ਦਿੱਤਾ।¿;
ਇਸ ਮੌਕੇ ਰੈਫਰੀ ਗਗਨਦੀਪ ਸਿੰਘ, ਰਾਜਪਾਲ ਸਿੰਘ ਟਰਾਂਟੋ ਤੇ ਅਨਮੋਲਕ ਸਿੰਘ ਨਾਮਧਾਰੀ ਨੇ ਰੈਫਰੀਆਂ ਦੀ ਜਿੰਮੇਵਾਰੀ ਨਿਭਾਈ। ਅਮਰੀਕੀ ਆਗੂ, ਜਿਨ੍ਹਾਂ ਵਿਚ ਐਲਕ ਗਰੋਵ ਦੀ ਮੇਅਰ ਬੌਬੀ ਸਿੰਘ ਐਲਨ, ਪੈਟ ਹਿਊਮ, ਰਾਡ ਬਰਿਊਅਰ, ਸਰਜੀਓ ਰੋਬਲਸ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਟੂਰਨਾਮੈਂਟ ਦੌਰਾਨ ਯੂਬਾ ਬ੍ਰਦਰਜ਼ ਦੀ ਟੀਮ ਦੇ ਖਿਡਾਰੀ ਗੁਰਕੀਰਤ ਸਿੰਘ ਨੂੰ ਬੈਸਟ ਪਲੇਅਰ ਦਾ ਅਵਾਰਡ ਹਾਸਲ ਹੋਇਆ।
ਸ. ਬਰਾੜ ਵੱਲੋਂ ਸਾਰੇ ਮੈਚ ਦੀ ਕੁਮੈਂਟਰੀ ਬਾਖੂਬੀ ਨਿਭਾਈ ਗਈ। ਟੂਰਨਾਮੈਂਟ ਦੀ ਕਵਰੇਜ ਪੰਜਾਬ ਮੇਲ ਯੂ.ਐੱਸ.ਏ. ਟੀ.ਵੀ. ਚੈਨਲ ਵੱਲੋਂ ਕੀਤੀ ਗਈ।