ਸ਼ਹੀਦ ਕਾਰਪੋਰਲ ਗੁਰਪ੍ਰੀਤ ਸਿੰਘ ਦੀ 10ਵੀਂ ਬਰਸੀ ਬੜੀ ਸ਼ਰਧਾ ਨਾਲ ਮਨਾਈ ਗਈ

167
Share

ਸੈਕਰਾਮੈਂਟੋ, 16 ਜੂਨ (ਪੰਜਾਬ ਮੇਲ)- ਸਿੱਖ ਕੌਮ ਦੇ ਮਹਾਨ ਸਪੂਤ ਕਾਰਪੋਰਲ ਗੁਰਪ੍ਰੀਤ ਸਿੰਘ ਅਮਰੀਕੀ ਫੌਜ ਵੱਲੋਂ ਲੜਦਾ ਹੋਇਆ ਅਫਗਾਨਿਸਤਾਨ ਵਿਚ ਸੰਨ 2011 ’ਚ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਇਸ ਬਹਾਦਰ ਨੌਜਵਾਨ ਦੀ 10ਵੀਂ ਬਰਸੀ ਗੁਰਦੁਆਰਾ ਸਾਹਿਬ ਰੋਜ਼ਵਿਲ ਵਿਖੇ ਮਨਾਈ ਗਈ। ਇਸ ਮੌਕੇ ਭਾਰੀ ਗਿਣਤੀ ਵਿਚ ਸੰਗਤਾਂ ਨੇ ਹਿੱਸਾ ਲਿਆ। ਇਨ੍ਹਾਂ ਵਿਚ ਗੁਰਪ੍ਰੀਤ ਸਿੰਘ ਨਾਲ ਅਫਗਾਨਿਸਤਾਨ ਦੀ ਲੜਾਈ ਮੌਕੇ ਹਾਜ਼ਰ ਉਸ ਦੇ ਕੁੱਝ ਫੌਜੀ ਸਾਥੀਆਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
ਫੌਜ ਦੀ ਇੱਕ ਸਾਬਕਾ ਟੁਕੜੀ ਵੱਲੋਂ ਪਰੇਡ ਕੀਤੀ ਗਈ। ਅਮਰੀਕਾ ਦਾ ਝੰਡਾ ਲਹਿਰਾਇਆ ਗਿਆ ਅਤੇ ਬੰਦੂਕਾਂ ਨਾਲ ਫਾਇਰ ਕਰਕੇ ਸ਼ਹੀਦ ਗੁਰਪ੍ਰੀਤ ਸਿੰਘ ਨੂੰ ਸਲਾਮੀ ਦਿੱਤੀ ਗਈ।
ਇਸ ਦੌਰਾਨ ਇਕ ਪੰਡਾਲ ਲਗਾ ਕੇ ਗੁਰਪ੍ਰੀਤ ਸਿੰਘ ਦੀਆਂ ਫੌਜ ਵਿਚ ਨਿਭਾਈ ਗਈ ਡਿਊਟੀ ਦੀਆਂ ਵੱਖ-ਵੱਖ ਫੋਟੋਆਂ ਪ੍ਰਦਰਸ਼ਿਤ ਕੀਤੀਆਂ ਗਈਆਂ, ਜਿਸ ਨੂੰ ਸੰਗਤਾਂ ਨੇ ਬੜੀ ਉਤਸ਼ਾਹ ਨਾਲ ਦੇਖਿਆ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮਨਟੀਕਾ ਅਤੇ ਕੁੱਝ ਹੋਰ ਇਲਾਕਿਆਂ ਤੋਂ ਕੁੱਝ ਸਿੱਖ ਮੋਟਰਸਾਈਕਲ ਸਵਾਰ ਵੀ ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨੇ ਆਪਣੇ ਤਰੀਕੇ ਨਾਲ ਸ਼ਹੀਦ ਕਾਰਪੋਰਲ ਗੁਰਪ੍ਰੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਗੁਰਦੁਆਰਾ ਸਾਹਿਬ ਦੇ ਅੰਦਰ ਪਾਠ ਦੇ ਭੋਗ ਪਾਏ ਗਏ ਅਤੇ ਇਲਾਹੀ ਬਾਣੀ ਦਾ ਕੀਰਤਨ ਹੋਇਆ। ਗੁਰਪ੍ਰੀਤ ਸਿੰਘ ਦੇ ਪਿਤਾ ਨਿਰਮਲ ਸਿੰਘ, ਮਾਤਾ ਸਤਵੰਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਸਮੂਹ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦੀ ਅਮਰੀਕੀ ਚੈਨਲਾਂ ਵੱਲੋਂ ਵੀ ਕਵਰੇਜ ਕੀਤੀ ਗਈ। ਜ਼ਿਕਰਯੋਗ ਹੈ ਕਿ ਸ਼ਹੀਦੀ ਵੇਲੇ ਗੁਰਪ੍ਰੀਤ ਸਿੰਘ ਦੀ ਉਮਰ 21 ਸਾਲ ਸੀ ਅਤੇ ਉਹ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ।


Share