ਸ਼ਰਾਬ ਦੇ ਠੇਕੇ ਖੁੱਲਦਿਆਂ ਹੀ ਬਾਹਰ ਲਗੀਆਂ ਲੰਬੀਆਂ ਕਤਾਰਾਂ

907

ਚੰਡੀਗੜ੍ਹ,  4 ਮਈ (ਪੰਜਾਬ ਮੇਲ)- ਚੰਡੀਗੜ੍ਹ ’ਚ ਸੋਮਵਾਰ ਤੋਂ ਕਰਫਿਊ ਹਟ ਗਿਆ ਅਤੇ ਆਖਿਰਕਾਰ 41 ਦਿਨ ਬਾਅਦ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ, ਪਰ ਪਹਿਲੇ ਹੀ ਦਿਨ ਸ਼ਰਾਬ ਦੇ ਠੇਕਿਆਂ ਦੇ ਬਾਹਰ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਦੌਰਾਨ ਲਿਕਰ ਵੈਂਡਰਜ਼ ਨੇ ਵੀ ਇਸਦਾ ਖੂਬ ਫਾਇਦਾ ਚੁੱਕਿਆ ਅਤੇ ਸ਼ਰਾਬ ਦੇ ਕਰੀਬ 30 ਫ਼ੀਸਦੀ ਤੱਕ ਜ਼ਿਆਦਾ ਮੁੱਲ ਵਸੂਲੇ। ਸ਼ਹਿਰ ਭਰ ਤੋਂ ਸ਼ਰਾਬ ਦੀ ਓਵਰਚਾਰਜਿੰਗ ਨੂੰ ਲੈ ਕੇ ਸ਼ਿਕਾਇਤਾਂ ਆਈਆਂ।

ਸੈਕਟਰ-21 ’ਚ ਤਾਂ ਠੇਕਾ ਖੁੱਲ੍ਹਣ ਦੇ ਨਾਲ ਹੀ ਭੀੜ ਜਮ੍ਹਾਂ ਹੋਣ ਲੱਗੀ। ਬਾਹਰ ਲਾਈਨ ਲੱਗ ਗਈ, ਜਿਸ ਤੋਂ ਬਾਅਦ ਪੁਲਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਜਾ ਕੇ ਠੇਕੇ ਦਾ ਸ਼ਟਰ ਬੰਦ ਕਰਵਾਇਆ ਅਤੇ ਇੱਥੇ ਸੋਸ਼ਲ ਡਿਸਟੈਂਸਿੰਗ ਦੀ ਮਾਰਕਿੰਗ ਤੋਂ ਬਾਅਦ ਹੀ ਠੇਕਾ ਖੋਲ੍ਹਣ ਦੀ ਆਗਿਆ ਦੇਣ ਫੈਸਲਾ ਲਿਆ। ਸੈਕਟਰ-9 ’ਚ ਵੀ ਕੁੱਝ ਅਜਿਹਾ ਹੀ ਦੇਖਣ ਨੂੰ ਮਿਲਿਆ। ਮੌਕੇ ’ਤੇ ਪਹੁੰਚਕੇ ਏਰੀਆ ਪੁਲਸ ਨੂੰ ਅਨਾਊਂਸਮੈਂਟ ਕਰਨੀ ਪਈ ਕਿ ਸੋਸ਼ਲ ਡਿਸਟੈਂਸ ਬਣਾਕੇ ਰੱਖੋ।

ਸਵੇਰੇ ਜਿਵੇਂ ਹੀ ਕਈ ਜਗ੍ਹਾ ਠੇਕਿਆਂ ਦਾ ਸ਼ਟਰ ਖੁੱਲ੍ਹਾ ਤਾਂ ਵੱਖ-ਵੱਖ ਕਈ ਲਾਈਨਾਂ ਵੀ ਲੱਗ ਗਈਆਂ। ਅਚਾਨਕ ਭੀੜ ਵੱਧਦੀ ਵੇਖਕੇ ਹੰਗਾਮਾ ਹੋਣ ਲੱਗਾ ਤਾਂ ਪੁਲਸ ਅਤੇ ਪ੍ਰਸਾਸ਼ਨ ਦੀ ਟੀਮ ਨੇ ਪਹੁੰਚਕੇ ਲੋਕਾਂ ਨੂੰ ਭਜਾਇਆ ਅਤੇ ਪਹਿਲਾਂ ਠੇਕਿਆਂ ਦੇ ਬਾਹਰ ਮਾਰਕਿੰਗ ਕਰਵਾਈ ਗਈ। ਪ੍ਰਸਾਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਓਡ-ਈਵਨ ਨੰਬਰ ਤਹਿਤ ਹੀ ਠੇਕੇ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਕੰਟੇਨਮੈਂਟ ਜ਼ੋਨ ’ਚ ਪੈਂਦੇ ਠੇਕੇ ਨਹੀਂ ਖੋਲ੍ਹੇ ਜਾ ਰਹੇ, ਇਸ ਲਈ ਸੋਮਵਾਰ ਨੂੰ 30 ਦੇ ਕਰੀਬ ਠੇਕੇ ਹੀ ਖੁੱਲ੍ਹੇ ਅਤੇ ਮੰਗਲਵਾਰ ਨੂੰ ਬਾਕੀ 30 ਦੇ ਕਰੀਬ ਠੇਕੇ ਖੁੱਲ੍ਹਣਗੇ।

ਕਾਲੋਨੀਆਂ ’ਚ ਸ਼ਰਾਬ ਦੀਆਂ ਦੁਕਾਨਾਂ ’ਤੇ ਜ਼ਿਆਦਾ ਭੀੜ ਇਕੱਠੇ ਹੋਣ ਦੀ ਚਰਚਾ ਰਹੀ ਅਤੇ ਪੁਲਸ ਬਲ ਨੂੰ ਸੋਸ਼ਲ ਡਿਸਟੈਂਸਿੰਗ ਮੈਂਟੇਨ ਰੱਖਣ ਲਈ ਮੁਸ਼ੱਕਤ ਕਰਨੀ ਪਈ। ਪਹਿਲੇ ਦਿਨ ਹੀ ਜਿਸ ਤਰ੍ਹਾਂ ਨਾਲ ਸ਼ਰਾਬ ਦੀ ਵਿਕਰੀ ਹੋਈ ਹੈ, ਉਸ ਤੋਂ ਪ੍ਰਸਾਸ਼ਨ ਨੂੰ ਚੰਗਾ ਮਾਲੀਆ ਪ੍ਰਾਪਤ ਹੋਣ ਦੀ ਉਮੀਦ ਹੈ, ਕਿਉਂਕਿ ਲਿਕਰ ਵੈਂਡਰਾਂ ਨੂੰ ਦੁਕਾਨਾਂ ਬੰਦ ਹੋਣ ਦੇ ਚਲਦੇ ਕਾਫ਼ੀ ਨੁਕਸਾਨ ਝੱਲਣਾ ਪਿਆ। ਇਸ ਕਾਰਣ ਉਹ ਪੁਰਾਣਾ ਕੋਟਾ ਵੀ ਕਲੀਅਰ ਨਹੀਂ ਕਰ ਸਕੇ ਸਨ।