ਵੱਟਸਐਪ ਅਤੇ ਫੇਸਬੁੱਕ ’ਤੇ ਪਾਬੰਦੀ ਲਾਉਣ ਦੀ ਮੰਗ

379
Share

ਨਵੀਂ ਦਿੱਲੀ, 11 ਜਨਵਰੀ (ਪੰਜਾਬ ਮੇਲ)- ਕਾਰੋਬਾਰੀਆਂ ਦੀ ਜਥੇਬੰਦੀ ‘ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼’ (ਕੇਟ) ਨੇ ਸੂਚਨਾ ਤੇ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਰਕਾਰ ਵੱਟਸਐਪ ਨੂੰ ਇਸ ਦੀ ਨਵੀਂ ਨਿੱਜਤਾ ਸਬੰਧੀ ਨੀਤੀ ਲਾਗੂ ਕਰਨ ਤੋਂ ਰੋਕੇ ਜਾਂ ਫਿਰ ਇਸ ਮੈਸੇਜਿੰਗ ਐਪ ਅਤੇ ਇਸ ਦੀ ਪਿੱਤਰੀ ਕੰਪਨੀ ਫੇਸਬੁੱਕ ’ਤੇ ਪਾਬੰਦੀ ਲਗਾਈ ਜਾਵੇ। ਜਥੇਬੰਦੀ ਨੇ ਦਾਅਵਾ ਕੀਤਾ ਕਿ ਇਸ ਨਵੀਂ ਨਿੱਜਤਾ ਨੀਤੀ ਰਾਹੀਂ, ‘‘ਇਕ ਵਿਅਕਤੀ ਜੋ ਵੱਟਸਐੱਪ ਇਸਤੇਮਾਲ ਕਰ ਰਿਹਾ ਹੈ, ਉਸ ਦਾ ਹਰ ਤਰ੍ਹਾਂ ਦਾ ਨਿੱਜੀ ਡੇਟਾ, ਅਦਾਇਗੀਆਂ ਸਬੰਧੀ ਵੇਰਵੇ, ਸੰਪਰਕ ਤੇ ਹੋਰ ਅਹਿਮ ਜਾਣਕਾਰੀ ਇਸ ਐਪ ਵੱਲੋਂ ਹਾਸਲ ਕਰ ਲਈ ਜਾਵੇਗੀ ਅਤੇ ਵੱਟਸਐਪ ਵੱਲੋਂ ਇਸ ਅਹਿਮ ਜਾਣਕਾਰੀ ਨੂੰ ਕਿਸੇ ਵੀ ਮਕਸਦ ਲਈ ਵਰਤਿਆ ਜਾ ਸਕਦਾ ਹੈ।’’ ਸੂਚਨਾ ਤੇ ਤਕਨਾਲੋਜੀ ਮੰਤਰੀ ਨੂੰ ਲਿਖੇ ਪੱਤਰ ’ਚ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਵੱਟਸਐਪ ਨੂੰ ਇਸ ਦੀ ਨਵੀਂ ਨੀਤੀ ਲਾਗੂ ਕਰਨ ਤੋਂ ਰੋਕੇ ਜਾਂ ਫਿਰ ਵੱਟਸਐਪ ਅਤੇ ਇਸ ਦੀ ਪਿੱਤਰੀ ਕੰਪਨੀ ਫੇਸਬੁੱਕ ’ਤੇ ਪਾਬੰਦੀ ਲਗਾਈ ਜਾਵੇ। ਉੱਧਰ, ਈ-ਮੇਲ ਰਾਹੀਂ ਪੀ.ਟੀ.ਆਈ. ਨੂੰ ਭੇਜੇ ਗਏ ਇਸ ਸਬੰਧੀ ਜਵਾਬ ’ਚ ਵੱਟਸਐਪ ਦੇ ਤਰਜਮਾਨ ਨੇ ਕਿਹਾ, ‘‘ਅੱਗੇ ਪਾਰਦਰਸ਼ਤਾ ਨੂੰ ਬੜ੍ਹਾਵਾ ਦੇਣ ਲਈ, ਅਸੀਂ ਨਿੱਜਤਾ ਸਬੰਧੀ ਨੀਤੀ ਅਪਡੇਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਅਪਡੇਟ ਤਹਿਤ ਵੱਟਸਐਪ ਦੇ ਫੇਸਬੁੱਕ ਨਾਲ ਡੇਟਾ ਸਾਂਝਾ ਕਰਨ ਦੇ ਤਰੀਕੇ ’ਚ ਕੋਈ ਬਦਲਾਅ ਨਹੀਂ ਆਏਗਾ ਅਤੇ ਇਸ ਦਾ ਲੋਕਾਂ ਵੱਲੋਂ ਦੁਨੀਆਂ ਭਰ ’ਚ ਕਿਤੇ ਵੀ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨਾਲ ਕੀਤੀ ਜਾ ਰਹੀ ਨਿੱਜੀ ਗੱਲਬਾਤ ’ਤੇ ਵੀ ਕੋਈ ਪ੍ਰਭਾਵ ਨਹੀਂ ਪਵੇਗਾ। ਵੱਟਸਐਪ ਲੋਕਾਂ ਦੀ ਨਿੱਜਤਾ ਸੁਰੱਖਿਅਤ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।’’

Share