ਵੱਖ ਵੱਖ ਭਾਈਚਾਰਿਆਂ ਵੱਲੋਂ ਲੰਡਨ ‘ਚ ਮਾਰੇ ਗਏ ਮੁਸਲਿਮ ਪਰਿਵਾਰ ਪ੍ਰਤੀ ਮਨੁੱਖੀ ਸੰਵੇਦਨਾ ਦਾ ਪ੍ਰਗਟਾਵਾ

84
Share

ਸਰੀ, 14 ਜੂਨ (ਹਰਦਮ ਮਾਨ/ਪੰਜਾਬ ਮੇਲ)-ਪਿਛਲੇ ਦਿਨੀਂ ਲੰਡਨ, ਓਨਟਾਰੀਓ ਵਿਖੇ ਨਸਲਵਾਦੀ ਹਮਲੇ ਵਿਚ ਮਾਰੇ ਗਏ ਅਫ਼ਜਲ ਪਰਿਵਾਰ ਦੇ ਚਾਰ ਨਿਰਦੋਸ਼ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੱਖ ਵੱਖ ਭਾਈਚਾਰਿਆਂ ਦੇ ਲੋਕ ਵੱਡੀ ਗਿਣਤੀ ਵਿਚ ਸਰੀ ਦੇ ਹਾਲੈਂਡ ਪਾਰਕ ਵਿਖੇ ਇਕੱਤਰ ਹੋਏ।
ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਕੈਨੇਡੀਅਨ ਦੇ ਸੱਦੇ ਤੇ ਇਸ ਸ਼ਰਧਾਂਜਲੀ ਸਮਾਗਮ ਵਿਚ ਮੁਸਲਿਮ ਭਾਈਚਾਰੇ ਦੀਆਂ ਕਈ ਸੰਸਥਾਵਾਂ ਤੋਂ ਇਲਾਵਾ ਸਰੀ ਨਿਊਟਨ ਦੇ ਮੈਂਬਰ ਪਾਲਰੀਮੈਂਟ ਸੁਖ ਧਾਲੀਵਾਲ, ਸਰੀ ਸੈਂਟਰਲ ਦੇ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ, ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਸਰੀ-ਡੈਲਟਾ, ਗੁਰਦੁਆਰਾ ਸਾਹਿਬ ਸੁਖ ਸਾਗਰ ਨਿਊ ਵੈਸਟਮਿੰਸਟਰ, ਯੂਨਾਈਟਿਡ ਟਰੱਕਸ ਐਸੋਸੀਏਸ਼ਨ ਆਫ ਬੀ ਸੀ ਸਰੀ, ਸਿੱਖ ਰਾਈਡਰਜ਼ ਆਫ਼ ਕੈਨੇਡਾ, ਸਿੱਖ ਮੋਟਰਸਾਈਕਲ ਕਲੱਬ, ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਐਬਟਸਫੋਰਡ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸੁਸਾਇਟੀ ਸਰੀ ਅਤੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੇ ਨੁਮਾਇੰਦੇ ਸ਼ਾਮਲ ਹੋਏ।
ਬੁਲਾਰਿਆਂ ਵੱਲੋਂ ਅਫਜ਼ਲ ਪਰਿਵਾਰ ਲਈ ਸਮੂਹਕ ਤੌਰ ਤੇ ਡੂੰਘੀ ਹਮਦਰਦੀ ਪ੍ਰਗਟ ਕੀਤੀ ਗਈ ਅਤੇ ਸੁਚੇਤ ਕੀਤਾ ਗਿਆ ਕਿ ਅੱਜ ਇਹ ਇਸਲਾਮੋਫੋਬੀਆ ਹੈ, ਕੱਲ੍ਹ ਨੂੰ ਇਹ ਕਿਸੇ ਹੋਰ ਘੱਟ ਗਿਣਤੀ ਭਾਈਚਾਰੇ ਨਾਲ ਵੀ ਹੋ ਸਕਦਾ ਹੈ। ਇਸ ਨਸਲਵਾਦੀ ਨਫਰਤ ਨੂੰ ਰੋਕਣਾ ਲਾਜ਼ਮੀ ਹੈ! ਅਜਿਹੀ ਫਿਰਕੂ ਜ਼ਹਿਨੀਅਤ ਨੂੰ ਬਦਲਣ ਲਈ ਸਮੂਹ ਕੈਨੇਡੀਅਨ ਲੋਕਾਂ ਨੂੰ ਸਾਂਝੇ ਤੌਰ ਤੇ ਕੰਮ ਕਰਨ ਦਾ ਸੱਦਾ ਦਿੱਤਾ ਗਿਆ ਅਤੇ ਮੋਮਬੱਤੀਆਂ ਜਗਾ ਕੇ ਪੂਰੀ ਦੁਨੀਆਂ ਅਤੇ ਭਾਈਚਾਰੇ ਨੂੰ ਇਹ ਸਪਸ਼ਟ ਸੰਦੇਸ਼ ਦਿੱਤਾ ਗਿਆ ਕਿ ਕੈਨੇਡੀਅਨ ਲੋਕ ਕਿਸੇ ਵੀ ਕਿਸਮ ਦੇ ਨਫ਼ਰਤ, ਕੱਟੜਤਾ ਅਤੇ ਵਿਤਕਰੇ ਵਿਰੁੱਧ ਇਕਜੁੱਟ ਹਨ ਅਤੇ ਇਸ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।


Share