ਵੰਦੇ ਭਾਰਤ ਮਿਸ਼ਨ : ਵੱਖ-ਵੱਖ ਦੇਸ਼ਾਂ ਤੋਂ 800 ਭਾਰਤੀਆਂ ਦੀ ਹੋਈ ਘਰ ਵਾਪਸੀ

788
ਨਵੀਂ ਦਿੱਲੀ, 26 ਮਈ (ਪੰਜਾਬ ਮੇਲ)-ਕੋਰੋਨਾ ਕਾਰਨ ਦੇਸ਼ ਭਰ ਵਿੱਚ ਜਾਰੀ ਲੌਕਡਾਊਨ ਦੇ ਚਲਦਿਆਂ ਲੋਕ ਕੋਨੇ-ਕੋਨੇ ਵਿੱਚ ਫਸੇ ਹੋਏ ਹਨ। ਅਜਿਹੇ ਲੋਕਾਂ ਦੀ ਅਮਦਦ ਲਈ ਸਰਕਾਰ ਵੱਲੋਂ ਵੰਦੇ ਭਾਰਤ ਮਿਸ਼ਨ, ਅਪ੍ਰੇਸ਼ਨ ਸੇਤੂ ਅਤੇ ਸਪੇਸ਼ਨ ਟਰੇਨਾਂ ਚਲਾਈਆਂ ਗਈਆਂ ਹਨ। ਇਸ ਦੇ ਤਹਿਤ ਅਜਿਹੇ ਲੋਕਾਂ ਦੀ ਮਦਦ ਕਰਦੇ ਹੋਏ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਸਮੇਂ ਵੰਦੇ ਭਾਰਤ ਮਿਸ਼ਨ ਦਾ ਦੂਜਾ ਪੜਾਅ ਚੱਲ ਰਿਹਾ ਹੈ। ਇਸ ਤਹਿਤ ਦੋਹਾ, ਸੈਨ ਫਰਾਂਸਿਸਕੋ, ਮੈਲਬਰਨ ਅਤੇ ਸਿਡਨੀ ਤੋਂ ਲਗਭਗ 800 ਭਾਰਤੀਆਂ ਨੂੰ ਵਾਪਸ ਆਪਣੇ ਵਤਨ ਲਿਆਂਦਾ ਗਿਆ ਹੈ। ਭਾਰਤ ਦੇ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਕੇਂਦਰੀ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਵੰਦੇ ਭਾਰਤ ਮਿਸ਼ਨ ਉਮੀਦ ਅਤੇ ਖੁਸ਼ੀ ਵਾਲੀ ਮੁਹਿੰਮ ਹੈ। ਇਸ ਤਹਿਤ 25 ਮਈ ਨੂੰ 833 ਭਾਰਤੀ ਨਾਗਰਿਕਾਂ ਨੂੰ ਚਾਰ ਉਡਾਣਾਂ ਰਾਹੀਂ ਦੋਹਾ, ਸੈਨ ਫਰਾਂਸਿਸਕੋ, ਮੈਲਬਰਨ ਅਤੇ ਸਿਡਨੀ ਤੋਂ ਦਿੱਲੀ ਤੇ ਕੋਚੀ ਤੋਂ ਅਹਿਮਦਾਬਾਦ ਲਿਆਂਦਾ ਗਿਆ। ਪਿਛਲੇ ਹਫ਼ਤੇ ਪੁਰੀ ਨੇ ਕਿਹਾ ਸੀ ਕਿ ਹੁਣ ਤੱਕ 20 ਹਜ਼ਾਰ ਭਾਰਤੀ ਨਾਗਰਿਕਾਂ ਨੂੰ ਮਿਸ਼ਨ ਦੇ ਤਹਿਤ ਦੇਸ਼ ਵਿੱਚ ਵਾਪਸ ਲਿਆਂਦਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਹੋਰ ਵਧੇਗੀ। ਵਿਦੇਸ਼ ਮੰਤਰਾਲੇ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਮਿਸ਼ਨ ਦੇ ਦੂਜੇ ਪੜਾਅ ਨੂੰ 13 ਜੂਨ ਤੱਕ ਵਧਾ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਇਸ ਮਿਸ਼ਨ ਦਾ ਦੂਜਾ ਪੜਾਅ 16 ਮਈ ਤੋਂ ਸ਼ੁਰੂ ਹੋਇਆ ਅਤੇ ਇਹ ਪੜਾਅ 13 ਜੂਨ ਤੱਕ ਚੱਲੇਗਾ। ਅਸੀਂ ਇਸ ਪੜਾਅ ਵਿੱਚ 162 ਉਡਾਣਾਂ ਵਿੱਚ 47 ਮੁਲਕਾਂ ਦੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣਾ ਚਾਹੁੰਦੇ ਹਾਂ।