ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਡਾ. ਫਾਸੀ ਨੇ ਕੋਰੋਨਾ ਦੇ ਕੁਦਰਤੀ ਹੋਣ ’ਤੇ ਚੁੱਕੇ ਸਵਾਲ

339
Share

-ਕਿਹਾ: ਵਿਸਥਾਰਤ ਜਾਂਚ ਹੋਣੀ ਚਾਹੀਦੀ ਹੈ
ਵਾਸ਼ਿੰਗਟਨ, 25 ਮਈ (ਪੰਜਾਬ ਮੇਲ)- ਅਮਰੀਕਾ ਦੇ ਪ੍ਰਮੁੱਖ ਇਨਫੈਕਟਿਡ ਰੋਗ ਮਾਹਿਰ ਡਾ. ਐਂਥਨੀ ਫਾਸੀ ਨੇ ਕੋਵਿਡ-19 ਦੇ ਕੁਦਰਤੀ ਹੋਣ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਉਤਪਤੀ ਕੁਦਰਤੀ ਤੌਰ ’ਤੇ ਹੋਈ, ਇਸ ਗੱਲ ਨੂੰ ਸਵੀਕਾਰ ਕਰਨਾ ਸੌਖਾ ਨਹੀਂ ਹੈ। ਇਸ ਦੀ ਵਿਸਥਾਰਤ ਜਾਂਚ ਹੋਣੀ ਚਾਹੀਦੀ ਹੈ ਕਿ ਚੀਨ ’ਚ ਅਜਿਹਾ ਕੀ ਹੋਇਆ ਜਿਸ ਨਾਲ ਇਹ ਵਾਇਰਸ ਸਾਹਮਣੇ ਆਇਆ।
ਅਮਰੀਕੀ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਫਾਸੀ ਨੇ ਇਕ ਪ੍ਰਰੋਗਰਾਮ ’ਚ ਕਿਹਾ, ‘ਮੈਨੂੰ ਇਸ ਗੱਲ ’ਤੇ ਯਕੀਨ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਦੀ ਨਿਰੰਤਰ ਜਾਂਚ ਕਰਨੀ ਚਾਹੀਦੀ ਹੈ ਕਿ ਚੀਨ ’ਚ ਕੀ ਹੋਇਆ।’ ਉਨ੍ਹਾਂ ਦਾ ਇਹ ਜਵਾਬ ਉਸ ਸਵਾਲ ’ਤੇ ਆਇਆ, ਜਿਸ ’ਚ ਪੁੱਛਿਆ ਗਿਆ ਕਿ ਕੀ ਕੋਰੋਨਾ ਕੁਦਰਤੀ ਤਰੀਕੇ ਨਾਲ ਆਇਆ ਹੈ? ਉਨ੍ਹਾਂ ਮੁਤਾਬਕ ਇਹ ਕਿਸੇ ਜਾਨਵਰ ਤੋਂ ਇਨਸਾਨਾਂ ’ਚ ਫੈਲਿਆ ਪਰ ਇਹ ਕੁਝ ਹੋਰ ਵੀ ਹੋ ਸਕਦਾ ਹੈ। ਇਸ ਲਈ ਮੈਂ ਵਾਇਰਸ ਦੀ ਉਤਪਤੀ ਦਾ ਪਤਾ ਲਾਉਣ ਵਾਲੀ ਜਾਂਚ ਦੇ ਹੱਕ ’ਚ ਹਾਂ।’
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਤਤਕਾਲੀ ਟਰੰਪ ਪ੍ਰਸ਼ਾਸਨ ਨੇ ਇਹ ਦਾਅਵਾ ਕੀਤਾ ਸੀ ਕਿ ਚੀਨੀ ਲੈਬ ਤੋਂ ਕੋਰੋਨਾ ਲੀਕ ਹੋਇਆ ਸੀ। ਅਮਰੀਕਾ ਸਮੇਤ ਕਈ ਦੇਸ਼ਾਂ ਦੀ ਮੰਗ ’ਤੇ ਡਬਲਯੂ.ਐੱਚ.ਓ. ਦੀ ਟੀਮ ਕੋਰੋਨਾ ਦਾ ਵਸੀਲਾ ਜਾਣਨ ਲਈ ਜਨਵਰੀ ’ਚ ਚੀਨ ਗਈ ਸੀ। ਟੀਮ ਨੇ ਵੁਹਾਨ ਲੈਬ ਦਾ ਵੀ ਦੌਰਾ ਕੀਤਾ ਸੀ, ਜਿੱਥੋਂ ਕੋਰੋਨਾ ਦੇ ਲੀਕ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਸੀ। ਡਬਲਯੂ.ਐੱਚ.ਓ. ਨੇ ਪਿਛਲੇ ਹਫਤੇ ਲੈਬ ਤੋਂ ਕੋਰੋਨਾ ਦੇ ਲੀਕ ਹੋਣ ਦੀ ਗੱਲ ਨੂੰ ਨਕਾਰ ਦਿੱਤਾ ਸੀ।

Share