‘ਵ੍ਹਾਈਟ ਹਾਊਸ’ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੂੰ ਜ਼ਬਰਦਸਤੀ ਹਟਾਉਣ ਦੇ ਕਾਰਨ ਟਰੰਪ ਵਿਰੁੱਧ ਮੁਕੱਦਮਾ ਦਾਇਰ

672
Share

ਵਾਸ਼ਿੰਗਟਨ, 5 ਜੂਨ (ਪੰਜਾਬ ਮੇਲ)- ਅਫਰੀਕੀ-ਅਮਰੀਕੀ ਨਾਗਰਿਕ ਜਾਰਜ ਫਲਾਇਡ ਨੂੰ ਨਿਆਂ ਦਿਵਾਉਣ ਲਈ ਦੁਨੀਆ ਭਰ ਵਿਚ ਲੋਕ ਪ੍ਰਦਰਸ਼ਨ ਕਰ ਰਹੇ ਹਨ। ਉੱਧਰ ਅਮਰੀਕੀ ਰਾਸ਼ਟਰਪਤੀ ਦਫਤਰ ‘ਵ੍ਹਾਈਟ ਹਾਊਸ’ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੂੰ ਜ਼ਬਰਦਸਤੀ ਹਟਾਉਣ ਦੇ ਕਾਰਨ ਅਮਰੀਕਾ ਦੀ ਸੰਘੀ ਅਦਾਲਤ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮੁਕੱਦਮਾ ਦਾਇਰ ਕੀਤਾ ਗਿਆ ਹੈ।
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਮੁਤਾਬਕ ‘ਅਮੇਰਿਕਨ ਸਿਵਲ ਲਿਬਰਟੀਜ਼ ਯੂਨੀਅਨ’ (ਏ.ਸੀ.ਐੱਲ.ਯੂ.) ਅਤੇ ‘ਬਲੈਕ ਲਾਈਵਸ ਮੈਟਰ’ ਨੇ ਰਾਸ਼ਟਰਪਤੀ ਟਰੰਪ ਅਤੇ ਉਸ ਦੇ ਅਧਿਕਾਰੀਆਂ ‘ਤੇ ‘ਬਿਨਾਂ ਕਿਸੇ ਉਕਸਾਵੇ ਦੇ ਅਪਰਾਧਿਕ ਹਮਲੇ’ ਦਾ ਦੋਸ਼ ਲਗਾਇਆ ਹੈ। ਏ.ਸੀ.ਐੱਲ.ਯੂ. ਦੇ ਮੁਤਾਬਕ, ”ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਭੀੜ ‘ਤੇ ਤਾਲਮੇਲ ਹਮਲੇ ਦੇ ਅਧੀਨ ਰਸਾਇਣਿਕ ਪਦਾਰਥ, ਰਬੜ ਦੀਆਂ ਗੋਲੀਆਂ ਅਤੇ ਕਈ ਰਾਊਂਡ ਧੁਨੀ ਤੋਪਾਂ ਦੀ ਵਰਤੋਂ ਕੀਤੀ।” ਏ.ਸੀ.ਐੱਲ.ਯੂ. ਦੇ ਕਾਨੂੰਨੀ ਨਿਦੇਸ਼ਕ ਸਕੌਟ ਮਿਸ਼ੇਲਮੈਨ ਨੇ ਕਿਹਾ, ”ਰਾਸ਼ਟਰਪਤੀ ਦੇ ਪ੍ਰਦਰਸ਼ਨਕਾਰੀਆਂ ‘ਤੇ ਵਿਚਾਰਧਾਰਕ ਮਤਭੇਦ ਦੇ ਕਾਰਨ ਸ਼ਰੇਆਮ ਅਪਰਾਧਿਕ ਹਮਲੇ ਨੇ ਸਾਡੇ ਦੇਸ਼ ਦੇ ਸੰਵਿਧਾਨਕ ਮੁੱਲਾਂ ਦੀ ਨੀਂਹ ਨੂੰ ਹਿਲਾ ਦਿੱਤਾ ਹੈ।”
ਗੌਰਤਲਬ ਹੈ ਕਿ ਅਮਰੀਕਾ ‘ਚ ਅਫਰੀਕੀ-ਅਮਰੀਕੀ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਮੌਤ ਦੇ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਸੋਮਵਾਰ ਨੂੰ ਪ੍ਰਦਰਸ਼ਨਕਾਰੀ ਵ੍ਹਾਈਟ ਹਾਊਸ ਦੇ ਕਾਫੀ ਕਰੀਬ ਪਹੁੰਚ ਗਏ ਸਨ। ਉਹਨਾਂ ਨੂੰ ਖਦੇੜਨ ਲਈ ਸੁਰੱਖਿਆ ਬਲਾਂ ਨੇ ਵੀ ਟਰੰਪ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਫਲਾਈਡ ਦੀ ਮੌਤ ਦੇ ਬਾਅਦ ਹਜ਼ਾਰਾਂ ਪ੍ਰਦਰਸ਼ਨਕਾਰੀ ਪਿਛਲੇ 2 ਹਫਤਿਆਂ ਤੋਂ ਅਮਰੀਕਾ ‘ਚ ਪ੍ਰਦਰਸ਼ਨ ਕਰ ਰਹੇ ਹਨ।


Share