ਵ੍ਹਾਈਟ ਹਾਊਸ ਦੇ ਨੇੜੇ ਅਸਥਾਈ ਤੌਰ ’ਤੇ ਬਲੇਅਰ ਹਾਊਸ ’ਚ ਰਹਿਣਗੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ

444
Share

ਫਰਿਜ਼ਨੋ, 24 ਜਨਵਰੀ (ਮਾਛੀਕੇ/ਪੰਜਾਬ ਮੇਲ)- ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਇਕ ਸਹਾਇਕ ਅਨੁਸਾਰ ਨੇਵਲ ਆਬਜ਼ਰਵੇਟਰੀ ਵਿਖੇ ਉਪ ਰਾਸ਼ਟਰਪਤੀ ਦੇ ਅਧਿਕਾਰਿਤ ਰਿਹਾਇਸ਼ੀ ਘਰ ਜਾਣ ਤੋਂ ਪਹਿਲਾਂ ਕਮਲਾ ਹੈਰਿਸ ਅਤੇ ਉਨ੍ਹਾਂ ਦੇ ਪਤੀ ਡੱਗ ਐਮਹੋਫ ਵ੍ਹਾਈਟ ਹਾਊਸ ਦੇ ਨੇੜੇ ਅਸਥਾਈ ਤੌਰ ’ਤੇ ਬਲੇਅਰ ਹਾਊਸ ਵਿਚ ਰਹਿਣਗੇ।
ਜਾਣਕਾਰੀ ਅਨੁਸਾਰ ਉਪ ਰਾਸ਼ਟਰਪਤੀ ਦੀ ਅਧਿਕਾਰਿਤ ਸਰਕਾਰੀ ਰਿਹਾਇਸ਼ ’ਚ ਚਿਮਨੀਆਂ ਅਤੇ ਹੋਰ ਘਰੇਲੂ ਪ੍ਰਬੰਧਨ ਦੀ ਮੁਰੰਮਤ ਦਾ ਕੰਮ ਚੱਲਦੇ ਹੋਣ ਕਾਰਨ ਹੈਰਿਸ ਨੂੰ ਬਲੇਅਰ ਹਾਊਸ ’ਚ ਜਾਣਾ ਪੈ ਰਿਹਾ ਹੈ। ਹਾਲਾਂਕਿ ਕਮਲਾ ਹੈਰਿਸ ਅਤੇ ਉਨ੍ਹਾਂ ਦੇ ਪਤੀ ਵਾਸ਼ਿੰਗਟਨ, ਡੀ.ਸੀ. ਵਿਚ ਇਕ ਘਰ ਦੇ ਮਾਲਕ ਹਨ ਪਰ ਉਹ ਘਰ ਇਕ ਉਪ ਰਾਸ਼ਟਰਪਤੀ ਲਈ ਸੁਰੱਖਿਆ ਦੇ ਪ੍ਰੋਟੋਕੋਲ ਨੂੰ ਪੂਰਾ ਨਹੀਂ ਕਰਦਾ।¿;
ਬਲੇਅਰ ਹਾਊਸ ਵ੍ਹਾਈਟ ਹਾਊਸ ਦੀ ਗਲੀ ਦੇ ਪਾਰ ਪੈਨਸਿਲਵੇਨੀਆ ਐਵੀਨਿਊ ’ਤੇ ਸਥਿਤ ਹੈ। 1824 ’ਚ ਬਣਿਆ ਇਹ ਘਰ ਰਾਸ਼ਟਰਪਤੀ ਦੇ ਸਰਕਾਰੀ ਮਹਿਮਾਨਾਂ ਦੀ ਮੇਜ਼ਬਾਨੀ ਲਈ ਵਰਤਿਆ ਜਾਂਦਾ ਹੈ, ਜਿਸ ਵਿਚ ਵਿਦੇਸ਼ੀ ਸੂਬਿਆਂ ਦੇ ਪ੍ਰਧਾਨ ਵੀ ਸ਼ਾਮਲ ਹਨ। ਰਾਸ਼ਟਰਪਤੀ ਚੁਣੇ ਗਏ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਪਿਛਲੇ 40 ਸਾਲਾਂ ਤੋਂ ਬਲੇਅਰ ਹਾਊਸ ਵਿਖੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਦੀ ਰਾਤ ਬਤੀਤ ਕੀਤੀ ਹੈ। ਹਾਲ ਹੀ ਵਿਚ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨ੍ਹਾਂ ਦੇ ਕੁੱਝ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੀ ਤਾਜਪੋਸ਼ੀ ਤੋਂ ਇਕ ਰਾਤ ਪਹਿਲਾਂ ਬਲੇਅਰ ਹਾਊਸ ਵਿਚ ਰਹੇ ਹਨ। ਕਮਲਾ ਹੈਰਿਸ ਅਤੇ ਐਮਹੋਫ ਦੇ ਆਪਣੇ ਨਵੇਂ ਅਸਥਾਈ ਘਰ ’ਚ ਕਿੰਨਾ ਸਮਾਂ ਰਹਿਣਗੇ, ਇਸ ਬਾਰੇ ਕੁੱਝ ਸਪੱਸ਼ਟ ਨਹੀਂ ਕੀਤਾ ਹੈ।

Share