ਵੈਸਟਰਨ ਬੇਅ ਆਫ ਪਲੈਂਟੀ ਰਿਜ਼ਰਵ ਗ੍ਰੇਡ ਟੀ-20 ਟ੍ਰਾਫੀ ਉਤੇ ‘ਹੌਕਸ ਕ੍ਰਿਕਟ ਕਲੱਬ’ ਦਾ ਕਬਜ਼ਾ

452
ਨਿਊਜ਼ੀਲੈਂਡ 'ਚ ਪੰਜਾਬੀ ਮੁੰਡਿਆਂ ਦੀ ਟੀਮ ਜਿਸ ਨੇ ਵਕਾਰੀ ਕ੍ਰਿਕਟ ਮੁਕਾਬਲਾ ਜਿੱਤਿਆ। 
Share

ਆਕਲੈਂਡ, 26 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਬੀਤੇ ਸ਼ਨੀਵਾਰ ਅਤੇ ਐਤਵਾਰ ਨੂੰ ਟੌਰੰਗਾ ਦੀ ਫਰਗੂਸਨ ਪਾਰਕ ਦੇ ਵਿਚ ਦੋ ਦਿਨਾਂ ਰਿਜ਼ਰਵ ਗ੍ਰੇਡ ਟੀ-20 ਕ੍ਰਿਕਟ ਟੂਰਨਾਮੈਂਟ ਕਰਵਾਏ ਗਏ। ਇਸ ਟੂਰਨਾਮੈਂਟ ਦੇ ਵਿਚ ਵੱਖ-ਵੱਖ 8 ਖੇਡ ਕਲੱਬਾਂ ਦੀਆਂ ਟੀਮਾਂ ਨੇ ਭਾਗ ਲਿਆ ਜਿਸ ਦੇ ਵਿਚ ਇਕ ਟੀਮ ਪੰਜਾਬੀ ਮੁੰਡਿਆਂ ਦੀ ‘ਹੌਕਸ ਕ੍ਰਿਕਟ ਕਲੱਬ’ ਦੀ ਤਰਫ ਤੋਂ ਖੇਡੀ। ਇਸ ਟੀਮ ਨੇ ਤਿੰਨ ਮੈਚ ਜਿੱਤਣ ਦੇ ਬਾਅਦ ਫਾਈਨਲ ਦੇ ਵਿਚ ਐਂਟਰੀ ਮਾਰੀ ਅਤੇ ਮੁਕਾਬਲਾ ਗ੍ਰੀਟਨ ਕਿੰਗਜ਼ ਦੇ ਨਾਲ ਪੈ ਗਿਆ। ਪਹਿਲਾਂ ਬੈਟਿੰਗ ਕਰ ਰਹੀ ਗ੍ਰੀਟਨ ਕਿੰਗਜ਼ ਦੀ ਟੀਮ 94 ਦੌੜਾਂ ਬਣਾ ਕੇ ਜਿੱਥੇ ਆਲ ਆਊਟ ਹੋ ਗਈ ਉਥੇ ਪੰਜਾਬੀ ਨੌਜਵਾਨ ਅੰਮ੍ਰਿਤ ਸੰਧੂ ਨੇ ਤਿੰਨ ਵਿਕਟਾਂ ਲੈ ਕੇ ਹੈਟਟ੍ਰਿਕ ਬਣਾਈ ਅਤੇ ਇਕ ਹੋਰ ਚੌਥੇ ਖਿਡਾਰੀ ਨੂੰ ਵੀ ਆਊਟ ਕੀਤਾ। ਹੌਕਸ ਕ੍ਰਿਕਟ ਟੀਮ ਨੇ ਬੈਟਿੰਗ ਕਰਦਿਆਂ ਪਹਿਲੇ 17 ਕੁ ਓਵਰਾਂ ਦੇ ਵਿਚ ਹੀ 2 ਖਿਡਾਰੀ ਗਵਾ ਕੇ 98 ਦੌੜਾਂ ਬਣਾਈਆਂ ਅਤੇ ਆਪਣੀ ਜਿੱਤ 8 ਵਿਕਟਾਂ ਦੇ ਨਾਲ ਦਰਜ ਕਰ ਲਈ ਅਤੇ ੇਜੇਤੂ ਟ੍ਰਾਫੀ ਕਬਜ਼ਾ ਕਰ ਲਿਆ। ਇਸ ਫਾਈਨਲ ਮੈਚ ਦੇ ਵਿਚ ਸਭ ਤੋਂ ਜਿਆਦਾ 47 ਦੌੜਾਂ ਗਗਨ ਸਮਰਾ ਨੇ ਬਣਾਈਆਂ। ਇਸ ਕ੍ਰਿਕਟ ਟੂਰਨਾਮੈਂਟ ਦੇ ਵਿਚ ਇਕ ਹੋਰ ਪੰਜਾਬੀ ਨੌਜਵਾਨ ਰੈਂਬੋ ਸਿੰਘ ਨੇ ਵੀ ਪਾਪਾਮੋਆ ਟੀਮ ਦੇ ਨਾਲ ਮੈਚ ਖੇਡਦਿਆਂ ਹੈਟਟ੍ਰਿਕ ਬਣਾਈ। ਇਕ ਹੋਰ ਖਿਡਾਰੀ ਕੁਲਜੀਤ ਸਿੰਘ ਨੇ ਟੌਰੰਗਾ ਵਿਰੁਧ ਮੈਚ ਖੇਡਦਿਆਂ ਹਾਫ ਸੈਂਚਰੀ ਬਣਾ ਕੇ ਰਿਕਾਰਡ ਆਪਣੇ ਨਾਂਅ ਕੀਤਾ। ਪੰਜਾਬੀਆਂ ਦੇ ਇਸ ਕਲੱਬ ਨੇ ਪਹਿਲੀ ਵਾਰ ਇਹ ਵਕਾਰੀ ਟੂਰਨਾਮੈਂਟ ਜਿੱਤ ਕੇ ਖੇਡ ਮੈਦਾਨ ਦੇ ਵਿਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਪੰਜਾਬੀ ਖਿਡਾਰੀਆਂ ਦੀਆਂ ਸਰੋਂ ਦੇ ਫੁੱਲ ਵਰਗੇ ਰੰਗ ਦੀਆਂ ਵਰਦੀਆਂ ਵੀ ਖਿੜੇ ਦਿਨ ਵਿਚ ਬਹੁਤ ਚਮਕ ਰਹੀਆਂ ਸਨ। ਪੰਜਾਬੀ ਕਮਿਊਨਿਟੀ ਅਤੇ ਪੰਜਾਬੀ ਮੀਡੀਆ ਵੱਲੋਂ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਕ੍ਰਿਕਟ ਮੈਦਾਨ ਦੇ ਵਿਚ ਛਾਅ ਗਏ।


Share