ਵੈਨਕੂਵਰ ਵਿਚ ਅੱਗ ਲੱਗਣ ਦੀਆਂ ਦੋ ਘਟਨਾਵਾਂ ਵਿਚ ਇਕ ਬੱਚੇ ਸਮੇਤ 4 ਜਣਿਆਂ ਦੀ ਮੌਤ

194
Share

ਸਰੀ, 1 ਫਰਵਰੀ (ਹਰਦਮ ਮਾਨ/ਪੰਜਾਬ ਮੇਲ)- ਈਸਟ ਵੈਨਕੂਵਰ ਵਿਚ ਐਤਵਾਰ ਨੂੰ ਇਕ ਘਰ ਵਿਚ ਲੱਗੀ ਅੱਗ ਕਾਰਨ ਇਕ ਬੱਚੇ ਸਮੇਤ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਵਿੱਚ ਦੋ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਅੱਗ ਲੱਗਣ ਦੇ ਕਾਰਨਾਂ ਸਬੰਧੀ ਫਿਲਹਾਲ ਕੋਈ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਪੁਲਿਸ ਦੇ ਅਸਿਸਟੈਂਟ ਚੀਫ ਬਰਾਇਨ ਬੈਟੁਰਜੀ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਇਕ ਦਸ ਸਾਲ ਦਾ ਬੱਚਾ, ਉਸ ਦੀ ਮਾਂ ਅਤੇ ਉਸ ਦੇ ਦਾਦਾ ਦੀ ਜਾਨ ਚਲੀ ਗਈ। ਘਟਨਾ ਵਿੱਚ ਬੱਚੇ ਦੀ ਦਾਦੀ ਅਤੇ ਉਸ ਦਾ ਪਿਉ ਜ਼ਖਮੀ ਹੋਇਆ ਦੱਸਿਆ ਗਿਆ ਹੈ।
ਇਕ ਹੋਰ ਘਟਨਾ ਵਿਚ ਵੈਨਕੂਵਰ ਦੇ ਵੈਸਟ ਐਂਡ ਇਲਾਕੇ ਵਿਚ ਅੱਜ ਸਵੇਰੇ ਇਕ ਬਹੁਮੰਜ਼ਿਲੀ ਇਮਾਰਤ ਵਿਚ ਅੱਗ ਲੱਗ ਗਈ ਜਿਸ ਨਾਲ ਇਕ 37 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ.
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਅੱਜ ਸਵੇਰੇ 6 ਵਜੇ ਫੈਡਰਲ ਸਟੇਟ ਕੋਲ ਸਥਿਤ ਇਕ ਹਾਈ-ਰਾਈਜ਼ ਬਿਲਡਿੰਗ ਦੀ ਚੌਥੀ ਮੰਜ਼ਿਲ ਦੇ ਇੱਕ ਯੂਨਿਟ ਵਿੱਚ ਲੱਗੀ। ਇਸ ਯੂਨਿਟ ਵਿਚ ਇਕ ਪਰਿਵਾਰਕ ਜੋੜਾ ਰਹਿ ਰਿਹਾ ਸੀ। ਅੱਗ ਲੱਗਣ ਉਪਰੰਤ ਇਸ ਯੂਨਿਟ ਵਿੱਚੋਂ ਇਕ ਔਰਤ ਆਪਣੇ ਆਪ ਨੂੰ ਬਚਾ ਗੁਆਂਢੀਆਂ ਦੇ ਘਰ ਸ਼ਰਨ ਲੈਣ ਵਿਚ ਸਫਲ ਹੋ ਗਈ ਜਦੋਂ ਕਿ ਉਸ ਦਾ ਸਾਥੀ ਯੂਨਿਟ ਅੰਦਰ ਹੀ ਫਸ ਗਿਆ। ਬਾਅਦ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਅੱਗ ਲੱਗਣ ਕਾਰਨ ਤਕਰੀਬਨ ਇੱਕ ਦਰਜਨ ਯੂਨਿਟਸ ਨੂੰ ਨੁਕਸਾਨ ਹੋਇਆ ਦੱਸਿਆ ਗਿਆ ਹੈ।

 


Share