ਵੈਨਕੂਵਰ ਵਿਚਾਰ ਮੰਚ ਵੱਲੋਂ ਕਿਸਾਨੀ ਸੰਘਰਸ਼ ਦੇ ਚੰਗੇ ਪਹਿਲੂਆਂ ਅਤੇ ਭਵਿੱਖੀ ਪ੍ਰਭਾਵਾਂ ਬਾਰੇ ਚਰਚਾ

362
Share

ਸਰੀ, 7 ਦਸੰਬਰ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਦੀ ਮੀਟਿੰਗ ਜਰਨੈਲ ਆਰਟਸ ਗੈਲਰੀ, ਸਰੀ ਵਿਖੇ ਹੋਈ ਜਿਸ ਵਿਚ ਭਾਰਤੀ ਕਿਸਾਨ ਅੰਦੋਲਨ ਦੀ ਜਿੱਤ ਉਪਰ ਖੁਸ਼ੀ ਪ੍ਰਗਟ ਕਰਦਿਆਂ ਇਸ ਸੰਘਰਸ਼ ਦੌਰਾਨ ਉੱਭਰਕੇ ਆਏ ਚੰਗੇ ਪਹਿਲੂਆਂ ਅਤੇ ਇਸ ਅੰਦੋਲਨ ਦੇ ਭਵਿੱਖੀ ਪ੍ਰਭਾਵਾਂ ਬਾਰੇ ਚਰਚਾ ਕੀਤੀ ਗਈ।
ਵਿਚਾਰ ਚਰਚਾ ਦੇ ਆਗਾਜ਼ ਵਿਚ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਪੰਜਾਬੀ ਸਾਹਿਤਕਾਰ ਗੁਰਦੇਵ ਰੁਪਾਣਾ ਅਤੇ ਪ੍ਰੋ. ਗੁਰਨਾਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਗੁਰਦੇਵ ਰੁਪਾਣਾ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਜਸਵਿੰਦਰ ਗ਼ਜ਼ਲਗੋ ਨੇ ਪ੍ਰੋ. ਗੁਰਨਾਮ ਸਿੰਘ ਨਾਲ ਆਪਣੀਆਂ ਮੁਲਾਕਾਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ।
ਕਿਸਾਨੀ ਸੰਘਰਸ਼ ਬਾਰੇ ਬੋਲਦਿਆਂ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਇਸ ਅੰਦੋਲਨ ਨੇ ਵਿਸ਼ਵ ਪੱਧਰ ਤੇ ਭਾਰਤੀ ਕਿਸਾਨਾਂ ਅਤੇ ਵਿਸ਼ੇਸ਼ ਕਰਕੇ ਪੰਜਾਬੀ ਕਿਸਾਨਾਂ ਦੀ ਪਹਿਚਾਣ ਬਣਾਈ ਹੈ ਅਤੇ ਇਸ ਸੰਘਰਸ਼ ਨੇ ਲੋਕ ਆਵਾਜ਼ ਬੁਲੰਦ ਕਰਨ ਵਾਲੀਆਂ ਜਥੇਬੰਦੀਆਂ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਸ਼ਾਇਰ ਜਸਵਿੰਦਰ ਨੇ ਕਿਹਾ ਕਿ ਇਸ ਸੰਘਰਸ਼ ਨੇ ਖੱਬੀ ਪੱਖੀਆਂ ਅਤੇ ਧਾਰਮਿਕ ਵਿਸ਼ਵਾਸ ਵਾਲੇ ਲੋਕਾਂ ਨੂੰ ਇਕ ਦੂਜੇ ਨੂੰ ਸਮਝਣ ਅਤੇ ਇਕ ਦੂਜੇ ਨੇੜੇ ਲਿਆਉਣ ਦਾ ਅਹਿਮ ਕਾਰਜ ਕੀਤਾ ਹੈ, ਪੰਜਾਬ ਅਤੇ ਹਰਿਆਣਾ ਦੇ ਲੋਕਾਂ ਵਿਚਲੀ ਆਪਸੀ ਕੁੜੱਤਣ ਖਤਮ ਕੀਤੀ ਹੈ। ਅੰਗਰੇਜ਼ ਬਰਾੜ ਨੇ ਕਿਹਾ ਕਿ ਇਸ ਸੰਘਰਸ਼ ਨੇ ਪੰਜਾਬੀਆਂ ਦੀ ਗੁਆਚੀ ਸ਼ਾਨ ਨੂੰ ਦੁਨੀਆਂ ਭਰ ਵਿਚ ਸਥਾਪਿਤ ਕਰਨ ਵਿਚ ਵੱਡਾ ਰੋਲ ਅਦਾ ਕੀਤਾ ਹੈ। ਨਵਦੀਪ ਗਿੱਲ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੀ ਸਫਲਤਾ ਦਾ ਸਭ ਤੋਂ ਅਹਿਮ ਪੱਖ ਇਹ ਸੀ ਕਿ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਖੁੱਸਣ ਦਾ ਡਰ ਸਾਹਮਣੇ ਦਿਸਣ ਲੱਗ ਪਿਆ ਸੀ ਅਤੇ ਫਿਰ ਕੁਝ ਕਰਨ ਜਾਂ ਮਰਨ ਤੋਂ ਇਲਾਵਾ ਕਿਸਾਨਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ ਰਹਿ ਗਿਆ।
ਜਰਨੈਲ ਸਿੰਘ ਆਰਟਿਸਟ ਨੇ ਕਿਸਾਨ ਸੰਘਰਸ਼ ਦੀ ਅਗਵਾਈ ਕਰਨ ਵਾਲੇ ਸੂਝਵਾਨ ਆਗੂਆਂ ਦੀ ਸ਼ਲਾਘਾ ਕੀਤੀ ਜੋ ਬਾਹਰੀ ਤਾਕਤਾਂ ਵੱਲੋਂ ਚੱਲੀਆਂ ਅਨੇਕਾਂ ਚਾਲਾਂ ਅਤੇ ਦਬਾਅ ਦੇ ਬਾਵਜੂਦ ਆਪਣੇ ਨਿਸ਼ਾਨੇ ਤੋਂ ਨਹੀਂ ਥਿੜਕੇ। ਹਰਦਮ ਸਿੰਘ ਨੇ ਕਿਹਾ ਕਿ ਇਸ ਸੰਘਰਸ਼ ਦਾ ਪ੍ਰਭਾਵ ਪੰਜਾਬ ਅਤੇ ਵਿਦੇਸ਼ਾਂ ਵਿਚ ਪ੍ਰਬਲ ਸੀ ਅਤੇ ਹਰ ਪੰਜਾਬੀ ਇਸ ਸੰਘਰਸ਼ ਵਿਚ ਸ਼ਾਮਲ ਹੋਣਾ ਕਿਸੇ ਤੀਰਥ ਸਥਾਨ ਦੀ ਯਾਤਰਾ ਦੇ ਬਰਾਬਰ ਸਮਝਦਾ ਸੀ। ਪਰਮਜੀਤ ਸਿੰਘ ਸੇਖੋਂ ਨੇ ਇਸ ਸੰਘਰਸ਼ ਵਿਚ ਔਰਤਾਂ ਵੱਲੋਂ ਪਾਏ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ।
ਵਿਚਾਰ ਚਰਚਾ ਦੇ ਸੰਚਾਲਕ ਮੋਹਨ ਗਿੱਲ ਨੇ ਇਸ ਸੰਘਰਸ਼ ਵਿਚ ਆਪਣੀਆਂ ਲਿਖਤਾਂ ਰਾਹੀਂ ਯੋਗਦਾਨ ਪਾਉਣ ਵਾਲੇ ਲੇਖਕਾਂ ਨੂੰ ਡਰਾਉਣ, ਧਮਕਾਉਣ ਦੇ ਹੱਥਕੰਡਿਆਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਸੰਘਰਸ਼ ਦਾ ਮੌਜੂਦਾ ਰਾਜਨੀਤੀ ਉਪਰ ਕੋਈ ਫੌਰੀ ਪ੍ਰਭਾਵ ਨਾ ਨਜ਼ਰ ਆਵੇ ਪਰ ਨਿਰਸੰਦੇਹ ਆਉਣ ਵਾਲੇ ਸਮੇਂ ਵਿਚ ਇਹ ਸੰਘਰਸ਼ ਰਾਜਨੀਤਕ ਲੀਡਰਾਂ ਨੂੰ ਲੋਕਾਂ ਪ੍ਰਤੀ ਆਪਣਾ ਨਜ਼ਰੀਆ ਬਦਲਣ ਲਈ ਮਜ਼ਬੂਰ ਕਰੇਗਾ। ਮੀਟਿੰਗ ਦੇ ਅੰਤ ਵਿਚ ਅੰਗਰੇਜ਼ ਬਰਾੜ ਵੱਲੋਂ ਆਪਣੇ ਪੁੱਤਰ ਦੇ ਸ਼ਗਨ ਦੀ ਖੁਸ਼ੀ ਵਿਚ ਖਾਣੇ ਦਾ ਪ੍ਰਬੰਧ ਕੀਤਾ ਗਿਆ ਅਤੇ ਸਭਨਾਂ ਦੋਸਤਾਂ ਨੇ ਅੰਗਰੇਜ਼ ਬਰਾੜ ਨੂੰ ਮੁਬਾਰਕਬਾਦ ਦਿੱਤੀ।


Share