ਵੈਨਕੂਵਰ ਵਿਚਾਰ ਮੰਚ ਵੱਲੋਂ ਕਰਵਾਏ ਵਿਸਾਖੀ ਕਵੀ ਦਰਬਾਰ ਵਿਚ ਸ਼ਾਇਰਾਂ ਨੇ ਦਿਲਕਸ਼ ਰੰਗ ਬੰਨ੍ਹਿਆਂ

118
Share

ਸਰੀ, 25 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਦੂਜਾ ਵਿਸਾਖੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਸਰੀ, ਨੌਰਥ ਵੈਨਕੂਵਰ, ਕੋਕੁਇਟਲਮ, ਬਰਨਬੀ ਦੇ ਸ਼ਾਇਰਾਂ ਨੇ ਆਪਣੀਆਂ ਖੂਬਸੂਰਤ ਕਾਵਿ ਵੰਨਗੀਆਂ ਦੀ ਪੇਸ਼ਕਾਰੀ ਨਾਲ ਦਿਲਕਸ਼ ਮਾਹੌਲ ਸਿਰਜਿਆ। ਨਾਮਵਰ ਸਾਹਿਤਕਾਰ ਮਰਹੂਮ ਜੋਗਿੰਦਰ ਸ਼ਮਸ਼ੇਰ ਨੂੰ ਸਮਰਪਿਤ ਇਸ ਕਵੀ ਦਰਬਾਰ ਦੀ ਸ਼ੁਰੂਆਤ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਹੋਈ।
ਮੰਚ ਦੇ ਬੁਲਾਰੇ ਅਤੇ ਪ੍ਰਸਿੱਧ ਆਰਟਿਸਟ ਜਰਨੈਲ ਸਿੰਘ ਨੇ ਸਭਨਾਂ ਸ਼ਾਇਰਾਂ, ਸਰੋਤਿਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਵੈਨਕੂਵਰ ਵਿਚਾਰ ਵੱਲੋਂ ਸ੍ਰੀ ਗੁਰੂ ਨਾਨਕ ਜੀ ਦੇ ‘ਕਿਛ ਸੁਣੀਐ ਕਿਛ ਕਹੀਐ” ਫਲਸਫ਼ੇ ਤਹਿਤ ਵਿਚਾਰ ਚਰਚਾ, ਰੂਬਰੂ ਪ੍ਰੋਗਰਾਮ ਅਤੇ ਸਾਹਿਤਕ ਸਮਾਗਮ ਕਰਵਾਏ ਜਾਂਦੇ ਹਨ। ਵਿਸਾਖੀ ਕਵੀ ਦਰਬਾਰ ਦੀ ਸ਼ੁਰੂਆਤ ਤਿੰਨ ਸਾਲ ਪਹਿਲਾਂ ਕੀਤੀ ਗਈ ਸੀ ਪਰ ਕੋਰੋਨਾ ਕਾਲ ਵਿਚ ਇਹ ਕਵੀ ਦਰਬਾਰ ਨਹੀਂ ਸੀ ਹੋ ਸਕਿਆ ਅਤੇ ਅੱਜ ਲੰਬੇ ਅਰਸੇ ਬਾਅਦ ਇਸ ਲੜੀ ਨੂੰ ਅੱਗੇ ਤੋਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਕਵੀ ਦਰਬਾਰ ਦੇ ਸੰਚਾਲਕ ਮੋਹਨ ਗਿੱਲ ਨੇ ਪ੍ਰਸਿੱਧ ਸਾਰੰਗੀ ਵਾਦਕ, ਸ਼ਾਇਰ ਚਮਕੌਰ ਸੇਖੋਂ ਅਤੇ ਰਾਜ ਸਿੱਧੂ ਦੀ ਕਵੀਸ਼ਰੀ ਨਾਲ ਕਾਵਿਕ ਦੌਰ ਦਾ ਆਗਾਜ਼ ਕੀਤਾ। ਸੇਖੋਂ ਅਤੇ ਸਿੱਧੂ ਨੇ ਗਰੂ ਗੋਬਿੰਦ ਸਿੰਘ ਜੀ ਦੇ ‘ਆਪੇ ਗੁਰ ਚੇਲਾ’ ਦੇ ਮਹਾਨ ਇਨਕਲਾਬੀ ਕਦਮ ਨੂੰ ਆਪਣੀ ਕਵੀਸ਼ਰੀ ਵਿਚ ਬੰਨ੍ਹਿਆ। ਉਪਰੰਤ ਨਰਿੰਦਰ ਬਾਹੀਆ, ਹਰਸ਼ਰਨ ਕੌਰ, ਹਰਚੰਦ ਸਿੰਘ ਬਾਗੜੀ, ਅਮਨ ਸੀ ਸਿੰਘ, ਜਰਨੈਲ ਸਿੰਘ ਸੇਖਾ, ਪ੍ਰੀਤ ਮਨਪ੍ਰੀਤ, ਬਿੰਦੂ ਮਠਾੜੂ, ਰਾਜਵੰਤ ਰਾਜ, ਨਦੀਮ ਪਰਮਾਰ, ਦਰਸ਼ਨ ਸੰਘਾ, ਦਵਿੰਦਰ ਗੌਤਮ, ਮੋਹਨ ਗਿੱਲ, ਅਮਰੀਕ ਪਲਾਹੀ, ਮੀਨੂੰ ਬਾਵਾ, ਹਰਦਮ ਮਾਨ, ਹਰਦੀਪ ਦੀਪ, ਗੁਰਦੀਪ ਭੁੱਲਰ, ਮਾਇਆ ਬੇਦੀ ਨੇ ਆਪਣੇ ਗੀਤਾਂ, ਗ਼ਜ਼ਲਾਂ, ਨਜ਼ਮਾਂ, ਸ਼ਿਅਰਾਂ ਰਾਹੀਂ ਕਾਵਿ-ਮਹਿਫ਼ਿਲ ਨੂੰ ਸ਼ਿੰਗਾਰਿਆ। ਬਲਦੇਵ ਬਾਠ, ਸ਼ਬਨਮ ਮੱਲ੍ਹੀ, ਅਜਮੇਰ ਰੋਡੇ ਅਤੇ ਭੁਪਿੰਦਰ ਮੱਲ੍ਹੀ ਨੇ ਵੀ ਆਪਣੇ ਕਾਵਿਕ ਖ਼ਿਆਲਾਂ ਦਾ ਇਜ਼ਹਾਰ ਕੀਤਾ। ਕਵੀ ਦਰਬਾਰ ਦੀ ਸਮਾਪਤੀ ਵੀ ਕਵੀਸ਼ਰੀ ਰੰਗ ਨਾਲ ਹੋਈ ਜਿਸ ਵਿਚ ਬਿੱਲਾ ਤੱਖੜ ਤੇ ਗੁਰਨਾਮ ਸਿੰਘ ਥਾਂਦੀ ਨੇ ਢੱਡ ਸਾਰੰਗੀ ਨਾਲ ‘ਸੰਦਲੀ ਪੈੜਾਂ ਕਰ ਗਿਆ ਕੋਈ ਸਾਡੇ ਵਿਹੜੇ’ ਗਾ ਕੇ ਸਾਰੇ ਸ਼ਾਇਰਾਂ, ਸਰੋਤਿਆਂ ਦੀ ਆਮਦ ਨੂੰ ਸਿਜਦਾ ਕੀਤਾ।
ਕਵੀ ਦਰਬਾਰ ਦਾ ਵਿਸ਼ੇਸ਼ ਪੱਖ ਇਹ ਰਿਹਾ ਕਿ ਰੰਗਮੰਚ ਕਾਲਾਕਰ ਗੁਰਦੀਪ ਭੁੱਲਰ ਵੱਲੋਂ ਸਟੇਜ ਉੱਪਰ ਇਕ ਪੇਂਡੂ ਕਿਸਾਨੀ ਘਰ ਦਾ ਮਾਹੌਲ ਸਾਕਾਰ ਕੀਤਾ ਗਿਆ ਸੀ ਜਿੱਥੇ ਚਾਟੀ ਵਿਚ ਮਧਾਣੀ, ਚੱਕੀ, ਚੁੱਲ੍ਹੇ ਤੇ ਪਿਆ ਪਤੀਲਾ, ਵਿਹੜੇ ਵਿਚ ਡਾਹਿਆ ਸੂਤ ਦਾ ਮੰਜਾ, ਇਕ ਪਾਸੇ ਖੜ੍ਹੀ ਪੱਠਿਆਂ ਵਾਲੀ ਗੱਡੀ, ਕੱਚੀ ਕੰਧ ਤੇ ਸੁਆਣੀ ਵੱਲੋਂ ਕੱਢੀ ਗਈ ਤੋਈ ਵੇਖ ਇਉਂ ਮਹਿਸੂਸ ਹੋ ਰਿਹਾ ਸੀ ਜਿਵੇ ਪੰਜਾਬ ਦੇ ਕਿਸੇ ਪਿੰਡ ਵਿਚ ਕਵਿਤਾਵਾਂ ਦੇ ਫੁੱਲ ਮਹਿਕ ਰਹੇ ਹੋਣ।


Share