ਵੈਨਕੂਵਰ ਪੁਲੀਸ ਵੱਲੋਂ ਇੱਕ ਘਰ ਵਿਚ ਚੱਲ ਰਹੇ ਗੈਰਕਾਨੂੰਨੀ ਜੂਏ ਦਾ ਪਰਦਾਫਾਸ਼

410
Share

ਸਰੀ, 18 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਪੁਲੀਸ ਨੇ ਸ਼ਹਿਰ ਦੇ ਇੱਕ ਘਰ ਵਿੱਚ ਕਥਿਤ ਤੌਰ ਤੇ ਚੱਲ ਰਹੇ ਗੈਰਕਾਨੂੰਨੀ ਜੂਏ ਦਾ ਪਰਦਾਫਾਸ਼ ਕੀਤਾ ਹੈ ਅਤੇ ਤਿੰਨ ਆਦਮੀਆਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਉੱਪਰ ਦੋਸ਼ ਲਾਏ ਗਏ ਹਨ।
ਕੰਬਾਈਨਡ ਫੋਰਸਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਵੱਲੋਂ ਦੱਸਿਆ ਗਿਆ ਹੈ ਕਿ ਵੈਨਕੂਵਰ ਦੇ 45 ਵੈਸਟ ਐਵੇਨਿਊ ਤੇ 200 ਬਲਾਕ ਵਿਚ ਸਥਿਤ ਇਕ ਘਰ ਵਿਚ ਚੱਲ ਰਹੇ ਗੈਰਕਾਨੂੰਨੀ ਜੂਏ ਦੇ ਧੰਦੇ ਬਾਰੇ ਜਦੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ ਤਾਂ ਉਸ ਜਗ੍ਹਾ ਤੇ ਪੁਲੀਸ ਨੂੰ ਗ਼ੈਰਕਾਨੂੰਨੀ ਗੇਮਿੰਗ ਹਾਊਸ ਦੇ ਕਈ ਸਬੂਤ ਮਿਲੇ ਸਨ। ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਆਰੰਭ ਕੀਤੀ ਗਈ। ਅਕਤੂਬਰ 2020 ਵਿਚ ਸ਼ੁਰੂ ਹੋਈ ਇਹ ਜਾਂਚ ਦੌਰਾਨ ਪੁਲੀਸ ਨੂੰ ਸਕੋਰ ਸ਼ੀਟਸ, ਕੈਸ਼ ਬੈਲੇਂਸ ਸੀਟਸ, ਪੈਸੇ ਦਾ ਕਾਊਂਟਰ, ਸੈੱਲਫੋਨ, ਗਾਹਕਾਂ ਦੇ ਨਾਂ, ਪੋਕਰ ਚਿਪਸ, ਪਲੇਅ ਕਾਰਡਜ਼, ਪੋਕਰ ਟੇਬਲ ਅਤੇ 220,775.60 ਡਾਲਰ ਕੈਸ਼ ਬਰਾਮਦ ਹੋਏ.
ਇਸ ਸੰਬੰਧ ਵਿਚ ਬਰਨਬੀ ਵਾਸੀ 45 ਸਾਲਾ ਰੌਂਗ ਜੈਨ ਵੁਹ, ਬਰਨਬੀ ਵਾਸੀ 47 ਸਾਲਾ ਵੈਨ ਬੋ ਲੀ ਅਤੇ ਵੈਨਕੂਵਰ ਵਾਸੀ 55 ਸਾਲਾ ਮੌਨ ਐਂਗ ਉਪਰ ਪੁਲੀਸ ਵੱਲੋਂ ਦੋਸ਼ ਆਇਦ ਕੀਤੇ ਗਏ ਹਨ।


Share