ਵੈਨਕੂਵਰ ’ਚ ਹੋਈ ਗੈਂਗਵਾਰ ’ਚ 3 ਪੰਜਾਬੀਆਂ ਸਮੇਤ 4 ਹਲਾਕ

448
Share

ਵੈਨਕੂਵਰ, 13 ਜਨਵਰੀ (ਪੰਜਾਬ ਮੇਲ)- ਕੈਨੇਡਾ ਦੇ ਵੈਨਕੂਵਰ ’ਚ ਕਈ ਮਹੀਨਿਆਂ ਦੀ ਸ਼ਾਂਤੀ ਮਗਰੋਂ ਹੋਈ ਗੈਂਗਵਾਰ ’ਚ 15 ਦਿਨਾਂ ਵਿਚ ਚਾਰ ਨੌਜਵਾਨ ਮਾਰੇ ਗਏ ਹਨ, ਜਿਨ੍ਹਾਂ ਵਿਚ ਤਿੰਨ ਪੰਜਾਬੀ ਹਨ। ਪੁਲਿਸ ਅਨੁਸਾਰ ਚਾਰ ਨੌਜਵਾਨਾਂ ਦਾ ਅਪਰਾਧਿਕ ਰਿਕਾਰਡ ਹੈ।
ਰਿਚਮੰਡ ’ਚ ਮਾਰੇ ਗਏ ਨੌਜਵਾਨ ਦੀ ਪਛਾਣ ਦਿਲਰਾਜ ਜੌਹਲ ਵਜੋਂ ਹੋਈ ਹੈ। ਕੁਝ ਦਿਨ ਪਹਿਲਾਂ ਗੈਰੀ ਕੰਗ ਤੇ ਢੇਸੀ ਨਾਂ ਦੇ ਦੋ ਨੌਜਵਾਨਾਂ ਨੂੰ ਸਰੀ ਵਿਚ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਤਿੰਨ ਦਿਨ ਪਹਿਲਾਂ ਰਿਚਮੰਡ ਵਿਚ ਅਨੀਸ ਅਹਿਮਦ ਨੂੰ ਮਾਰ ਦਿੱਤਾ ਗਿਆ ਸੀ। ਇਹ ਸਾਰੇ ਨੌਜਵਾਨ 20-25 ਸਾਲਾਂ ਦੇ ਹਨ। ਪੁਲਿਸ ਅਨੁਸਾਰ ਇਹ ਨੌਜਵਾਨ ਗੈਂਗਵਾਰ ’ਚ ਮਾਰੇ ਗਏ, ਜਦਕਿ ਸਰੀ ਵਿਚ ਮਾਰੇ ਗਏ 14 ਸਾਲਾ ਚੀਨੀ ਮੂਲ ਦੇ ਲੜਕੇ ਦੇ ਕਤਲ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ।
ਗੈਂਗਵਾਰ ਤੇ ਸਮੂਹਿਕ ਹਿੰਸਾ ਨਾਲ ਨਜਿੱਠਣ ਵਾਲੇ ਪੁਲਿਸ ਦਲ ਦੇ ਸਹਾਇਕ ਕਮਿਸ਼ਨਰ ਮਾਈਕਲ ਲੀਸੇਜ ਨੇ ਕਤਲਾਂ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਥਾਨਕ ਲੋਕਾਂ ’ਚ ਘਬਰਾਹਟ ਤੇ ਦਹਿਸ਼ਤ ਫੈਲਾਉਂਦੀਆਂ ਹਨ, ਜਿਸ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕਣ ਦੇ ਨਾਲ-ਨਾਲ ਲੋਕ ਸਹਿਯੋਗ ਤੇ ਸਾਧਨਾਂ ਦੀ ਲੋੜ ਹੈ।
ਲੋਕਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਇੱਥੇ ਗੈਂਗਵਾਰ ਆਮ ਕਰਕੇ ਨਸ਼ਾ ਸਪਲਾਈ ਦੇ ਖੇਤਰ ਦੀ ਵੰਡ ਸਬੰਧੀ ਹੁੰਦੀ ਹੈ।

Share