ਵੈਨਕੂਵਰ ’ਚ ਸਟੋਰਾਂ ’ਚੋਂ ਖਰੀਦਦਾਰੀ ਸਮੇਂ ਚੋਰੀ ਕਰਦੇ 195 ਲੋਕਾਂ ਗਿ੍ਰਫ਼ਤਾਰ

404
Share

-75,000 ਡਾਲਰ ਦਾ ਕੀਮਤੀ ਸਾਮਾਨ ਅਤੇ 35 ਹਥਿਆਰ ਬਰਾਮਦ
ਸਰੀ, 7 ਦਸੰਬਰ (ਹਰਦਮ ਮਾਨ/ਪੰਜਾਬ ਮੇਲ)- ਵੈਨਕੂਵਰ ਪੁਲਿਸ ਨੇ ਡਾਊਨਟਾਊਨ ਦੇ ਦੁਕਾਨਦਾਰਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਮੁੱਖ ਰੱਖਦਿਆਂ ਲਗਾਤਾਰ ਇਕ ਮਹੀਨਾ ਚਲਾਈ ਮੁਹਿੰਮ ਦੌਰਾਨ ਕਥਿਤ ਤੌਰ ’ਤੇ 195 ਅਪਰਾਧੀਆਂ ਨੂੰ ਗਿ੍ਰਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 75,000 ਡਾਲਰ ਦਾ ਕੀਮਤੀ ਸਾਮਾਨ ਤੇ 35 ਹਥਿਆਰ ਬਰਾਮਦ ਕੀਤੇ ਹਨ। ਮੁਹਿੰਮ ਦੌਰਾਨ 323 ਘਟਨਾਵਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 23 ਘਟਨਾਵਾਂ ਵਿਚ ਅਜਿਹੇ ਚੋਰਾਂ ਵੱਲੋਂ ਹਥਿਆਰ ਵੀ ਵਰਤੇ ਗਏ ਸਨ।
ਵੈਨਕੂਵਰ ਪੁਲਿਸ ਦੇ ਸਾਰਜੈਂਟ ਸਟੀਵ ਐਡੀਸਨ ਨੇ ਦੱਸਿਆ ਹੈ ਕਿ ਅਜਿਹੀਆਂ ਚੋਰੀਆਂ ਸਬੰਧੀ ਕਾਰੋਬਾਰੀ ਮਾਲਕਾਂ ਅਤੇ ਉਨ੍ਹਾਂ ਦੇ ਸਟਾਫ਼ ਦੀਆਂ ਸ਼ਿਕਾਇਤਾਂ ਸਨ ਕਿ ਉਨ੍ਹਾਂ ਨੂੰ ਅਕਸਰ ਹਿੰਸਕ ਚੋਰਾਂ ਨਾਲ ਜੂਝਣਾ ਪੈ ਰਿਹਾ ਹੈ। ਵੈਨਕੂਵਰ ਪੁਲਿਸ ਨੇ ਆਪਣੇ ਕੁਝ ਅਫਸਰਾਂ ਨੂੰ ਅਜਿਹੇ ਚੋਰ ਬਿਰਤੀ ਵਾਲੇ ਅਨਸਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਡਾਊਨਟਾਊਨ ਕੋਰ ਵਿਚ ਪ੍ਰਚੂਨ ਸਟਾਫ ਨਾਲ ਮਿਲ ਕੇ ਸਿੱਧੇ ਤੌਰ ’ਤੇ ਕਾਰਜ ਕਰਨ ਦੀ ਜ਼ਿੰਮੇਵਾਰੀ ਸੌਂਪੀ, ਜਿਸ ਦੇ ਨਤੀਜੇ ਜਾਰੀ ਕਰਦਿਆਂ ਪੁਲਿਸ ਨੇ ਚਿੰਤਾ ਅਤੇ ਪ੍ਰੇਸ਼ਾਨੀ ਵੀ ਜ਼ਾਹਰ ਕੀਤੀ ਹੈ ਕਿ ਇਨ੍ਹਾਂ ਕਥਿਤ ਚੋਰਾਂ ਵਿਚੋਂ ਬਹੁਤ ਸਾਰੇ ਜਟਿਲ ਸਮਾਜਿਕ ਲੋੜਾਂ ਜਿਵੇਂ ਕਿ ਨਸ਼ਾਖੋਰੀ, ਗਰੀਬੀ ਅਤੇ ਮਾਨਸਿਕ ਬੀਮਾਰੀਆਂ ਨਾਲ ਜੂਝ ਰਹੇ ਹਨ ਅਤੇ ਛੋਟੇ-ਛੋਟੇ ਅਪਰਾਧਾਂ ਲਈ ਉਨ੍ਹਾਂ ਨੂੰ ਵਾਰ-ਵਾਰ ਗਿ੍ਰਫਤਾਰ ਕੀਤੇ ਜਾਂਦਾ ਹੈ। ਪੁਲਿਸ ਅਨੁਸਾਰ ਮਹੀਨਾ ਭਰ ਚੱਲੀ ਮੁਹਿੰਮ ਦੌਰਾਨ ਗਿ੍ਰਫਤਾਰ ਕੀਤੇ ਗਏ 60 ਪ੍ਰਤੀਸ਼ਤ ਲੋਕਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਸੌਣ ਲਈ ਪੱਕਾ ਠਿਕਾਣਾ ਨਹੀਂ ਹੈ ਅਤੇ ਕਈਆਂ ਨੇ ਦੱਸਿਆ ਕਿ ਉਹ ਚੋਰੀ ਕੀਤੇ ਸਮਾਨ ਨੂੰ ਆਨਲਾਈਨ ਜਾਂ ਡਾਊਨਟਾਊਨ ਈਸਟਸਾਈਡ ਵਿਚ ਵੇਚਣਾ ਚਾਹੁੰਦੇ ਸਨ।

Share