ਵੈਨਕੂਵਰ ’ਚ ਗਰਮੀ ਦੇ ਕਹਿਰ ਦੌਰਾਨ 140 ਲੋਕਾਂ ਦੀ ਅਚਾਨਕ ਮੌਤ

338
Share

ਸਰੀ, 30 ਜੂਨ (ਹਰਦਮ ਮਾਨ/ਪੰਜਾਬ ਮੇਲ)-ਪਿਛਲੇ ਦਿਨਾਂ ’ਚ ਪਈ ਅੱਤ ਦੀ ਗਰਮੀ ਦੌਰਾਨ ਵੈਨਕੂਵਰ, ਸਰੀ, ਬਰਨਬੀ ਅਤੇ ਲੈਂਗਲੀ ’ਚ 140 ਤੋਂ ਵੱਧ ਲੋਕਾਂ ਦੀ ਅਚਾਨਕ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ ਅਤੇ ਦੱਸਿਆ ਗਿਆ ਹੈ ਕਿ ਇਸ ਤਰ੍ਹਾਂ ਹੋਈਆਂ ਮੌਤਾਂ ’ਚ ਜ਼ਿਆਦਾ ਗਿਣਤੀ ਵੱਡੀ ਉਮਰ ਦੇ ਲੋਕਾਂ ਦੀ ਹੈ।
ਵੈਨਕੂਵਰ ਪੁਲਿਸ ਦੀ ਰਿਪੋਰਟ ਅਨੁਸਾਰ ਗਰਮੀ ਦੀ ਇਸ ਲਹਿਰ ਦੌਰਾਨ 65 ਲੋਕਾਂ ਦੀ ਅਚਾਨਕ ਮੌਤ ਹੋ ਗਈ ਹੈ। ਸਰੀ ਆਰ.ਸੀ.ਐੱਮ.ਪੀ. ਨੇ ਦੱਸਿਆ ਹੈ ਕਿ ਸ਼ਹਿਰ ’ਚ ਸੋਮਵਾਰ ਨੂੰ 27 ਮੌਤਾਂ ਅਤੇ ਮੰਗਲਵਾਰ ਦੁਪਹਿਰ ਤੱਕ 18 ਹੋਰ ਮੌਤਾਂ ਹੋਣ ਦੀ ਦੁਖਦਾਈ ਖਬਰ ਹੈ। ਅਚਾਨਕ ਮਰਨ ਵਾਲੇ ਸਾਰੇ ਵਿਅਕਤੀ 70 ਤੋਂ 90 ਸਾਲ ਦੀ ਉਮਰ ਦੇ ਸਨ ਅਤੇ ਮਰਨ ਵਾਲਿਆਂ ਵਿਚ ਸਭ ਤੋਂ ਛੋਟੀ ਉਮਰ ਦਾ ਵਿਅਕਤੀ 44 ਸਾਲ ਦਾ ਦੱਸਿਆ ਗਿਆ ਹੈ। ਆਰ.ਸੀ.ਐੱਮ.ਪੀ. ਦੀ ਕਾਂਸਟੇਬਲ ਸਰਬਜੀਤ ਕੌਰ ਸੰਘਾ ਨੇ ਦੱਸਿਆ ਕਿ ਏਨੀ ਜ਼ਿਆਦਾ ਗਿਣਤੀ ’ਚ ਅਚਾਨਕ ਹੋਈਆਂ ਮੌਤਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਅੱਤ ਦੀ ਗਰਮੀ ਅਤੇ ਸਿਹਤ ਸਬੰਧੀ ਸਮੱਸਿਆਵਾਂ ਇਨ੍ਹਾਂ ਮੌਤਾਂ ਦਾ ਕਾਰਨ ਬਣੀਆਂ ਹਨ।
ਲਾਗਲੇ ਸ਼ਹਿਰ ਬਰਨਬੀ ਦੀ ਆਰ.ਸੀ.ਐੱਮ.ਪੀ. ਦੀ ਰਿਪੋਰਟ ਅਨੁਸਾਰ ਰਿਕਾਰਡਤੋੜ ਗਰਮੀ ਕਾਰਨ ਪੁਲਿਸ ਨੂੰ ਬਰਨਬੀ ਵਿਚ 25 ਲੋਕਾਂ ਦੀ ਅਚਾਨਕ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿਚੋਂ ਵਧੇਰੇ ਬਜ਼ੁਰਗ ਸਨ। ਇਸੇ ਦੌਰਾਨ ਲੈਂਗਲੀ ਆਰ.ਸੀ.ਐੱਮ.ਪੀ. ਵੱਲੋਂ ਵੀ ਗਰਮੀ ਕਾਰਨ ਅਚਾਨਕ 8 ਮੌਤਾਂ ਹੋਣ ਦੀ ਸੂਚਨਾ ਦਿੱਤੀ ਗਈ ਹੈ।

Share