ਵੈਨਕੁਵਰ ‘ਚ 8 ਮਹੀਨੇ ਪਹਿਲਾਂ ਸਟੱਡੀ ਵੀਜੇ ‘ਤੇ ਗਏ ਸ਼ਾਹਕੋਟ ਦੇ ਨੌਜਵਾਨ ਦੀ ਹਾਦਸੇ ‘ਚ ਮੌਤ

639

ਸ਼ਾਹਕੋਟ, 20 ਸਤੰਬਰ (ਪੰਜਾਬ ਮੇਲ)- ਚੰਗੇ ਭਵਿੱਖ ਖਾਤਿਰ ਕਰੀਬ 8 ਮਹੀਨੇ ਪਹਿਲਾਂ ਸਟੱਡੀ ਵੀਜੇ ‘ਤੇ ਗਏ ਇਥੋਂ ਦੇ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਵੈਨਕੁਵਰ ‘ਚ ਬੀਤੀ ਰਾਤ ਇਕ ਸੜਕ ਹਾਦਸੇ ‘ਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਭਦੀਪ ਸਿੰਘ ਥਿੰਦ (19) ਪੁੱਤਰ ਹਰਵਿੰਦਰ ਸਿੰਘ ਥਿੰਦ ਵਾਸੀ ਆਜ਼ਾਦ ਨਗਰ ਦਸੰਬਰ 2019 ‘ਚ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਕਰੀਬ 6 ਮਹੀਨੇ ਪਹਿਲਾਂ ਉਸ ਨੇ ਨਵੀਂ ਕਾਰ ਖਰੀਦੀ ਸੀ। ਸ਼ੁੱਕਰਵਾਰ ਨੂੰ ਆਪਣੇ ਦੋਸਤਾਂ ਦੇ ਨਾਲ ਘੁੰਮਣ ਲਈ ਨਿਕਲਿਆ ਸੀ। ਵਾਪਸੀ ਦੌਰਾਨ ਦੋਸਤਾਂ ਨੂੰ ਉਨ੍ਹਾਂ ਦੇ ਘਰ ਛੱਡਦਾ ਹੋਇਆ ਆ ਰਿਹਾ ਸੀ ਕਿ ਰਸਤੇ ‘ਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ਦਾ ਪਤਾ ਲੱਗਦੇ ਹੀ ਆਜ਼ਾਦ ਨਗਰ ਅਤੇ ਉਨ੍ਹਾਂ ਦੇ ਪਿੰਡ ਨਵਾਂ ਕਿਲਾ ‘ਚ ਸੋਗ ਦੀ ਲਹਿਰ ਦੌੜ  ਗਈ। ਪਰਿਵਾਰ ਵੱਲੋਂ ਨੌਜਵਾਨ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪ੍ਰਭਦੀਪ ਦੇ ਪਿਤਾ ਦੀ ਮਲਸੀਆਂ ਰੋਡ ‘ਤੇ ਦੁਕਾਨ ਹੈ।