ਵੈਕਸੀਨ ਪਰਖ ਦੌਰਾਨ ‘ਕੋਵਿਡਸ਼ੀਲਡ’ ਦਾ ਟੀਕਾ ਲਵਾਉਣ ਵਾਲੇ ਵਿਅਕਤੀ ਵੱਲੋਂ ਸਿਹਤ ‘ਤੇ ਮਾੜੇ ਪ੍ਰਭਾਵ ਦਾ ਦੋਸ਼

463
Share

ਚੇਨੱਈ, 30 ਨਵੰਬਰ (ਪੰਜਾਬ ਮੇਲ)- ਚੇਨਈ ‘ਚ ਕੋਵਿਡ-19 ਲਈ ਵੈਕਸੀਨ ਦੀ ਪਰਖ ਦੌਰਾਨ ‘ਕੋਵਿਡਸ਼ੀਲਡ’ ਦਾ ਟੀਕਾ ਲਵਾਉਣ ਵਾਲੇ ਚਾਲੀ ਵਰ੍ਹਿਆਂ ਦੇ ਇੱਕ ਵਿਅਕਤੀ ਨੇ ਇਸ ਕਾਰਨ ਮਾਨਸਿਕ ਸਮੱਸਿਆ ਅਤੇ ਸੋਚਣ-ਸਮਝਣ ਦੀ ਸਮਰੱਥਾ ਘੱਟ ਹੋਣ ਦਾ ਕਥਿਤ ਦੋਸ਼ ਲਾਇਆ ਹੈ। ਪੀੜਤ ਨੇ ਇਸ ਸਬੰਧੀ ਪੰਜ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕਰਦਿਆਂ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਹੋਰਨਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਤੋਂ ਇਲਾਵਾ ਟਰਾਇਲ ਰੁਕਵਾਉਣ ਦੀ ਮੰਗ ਵੀ ਕੀਤੀ ਗਈ ਹੈ। ਪੀੜਤ ਵਿਅਕਤੀ ਨੇ ਵੈਕਸੀਨ ਨੂੰ ਅਸੁਰੱਖਿਅਤ ਦੱਸਦਿਆਂ ਇਸ ਦੀ ਪਰਖ, ਉਤਪਾਦਨ ਅਤੇ ਵੰਡ ‘ਤੇ ਰੋਕ ਲਾਉਣ ਦੀ ਮੰਗ ਕੀਤੀ ਅਤੇ ਅਜਿਹਾ ਨਾ ਹੋਣ ‘ਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ।
ਪੁਣੇ ਸਥਿਤ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ, ਜਿਸ ਨੇ ਕੋਵਿਡ-19 ਦੇ ਇਲਾਜ ਲਈ ‘ਕੋਵਿਡਸ਼ੀਲਡ’ ਵੈਕਸੀਨ ਬਣਾਉਣ ਲਈ ਔਕਸਫੋਰਡ ਯੂਨੀਵਰਸਿਟੀ ਅਤੇ ਦਵਾ ਨਿਰਮਾਤਾ ਕੰਪਨੀ ਐਸਟਰਾਜ਼ੈਨੇਕਾ ਨਾਲ ਸਮਝੌਤਾ ਕੀਤਾ ਹੋਇਆ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ, ਜੋ ਸੀਰਮ ਇੰਸਟੀਚਿਊਟ ਨਾਲ ਇਸ ਦੀ ਇੱਕ ਹੋਰ ਸਪਾਂਸਰ ਹੈ, ਅਤੇ ਸ੍ਰੀ ਰਾਮਚੰਦਰ ਇੰਸਟੀਚਿਊਟ ਆਫ ਹਾਇਰ ਐਜੂਕੇਸ਼ਨ ਐਂਡ ਰਿਸਰਚ, ਜਿਸ ਨੇ ਵਿਅਕਤੀ ‘ਤੇ ਵੈਕਸੀਨ ਦੀ ਪਰਖ ਕੀਤੀ, ਨੂੰ ਵੀ ਨੋਟਿਸ ਭੇਜਿਆ ਗਿਆ ਹੈ।
ਵਿਅਕਤੀ ਨੇ ਕਥਿਤ ਦੋਸ਼ ਲਾਇਆ ਕਿ ਟੀਕਾ ਲਗਵਾਉਣ ਮਗਰੋਂ ਉਸ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਟੈਸਟਾਂ ਵਿਚ ਵੀ ਪੁਸ਼ਟੀ ਹੋਈ ਹੈ ਕਿ ਟੀਕਾ ਲਗਵਾਉਣ ਮਗਰੋਂ ਉਸ ਦੀ ਸਿਹਤ ਨੂੰ ਨੁਕਸਾਨ ਹੋਇਆ ਹੈ।


Share