“ਵੈਕਸੀਨ ਆਉਣ ਤਕ ਕੋਰੋਨਾ ਲੈ ਲਵੇਗਾ 20 ਲੱਖ ਜਾਨਾਂ” : ਵਿਸ਼ਵ ਸਿਹਤ ਸੰਗਠਨ

622

ਜੇਨੇਵਾ, 26 ਸਤੰਬਰ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ ਭਾਵ ਡਬਲਿਊ. ਐੱਚ. ਓ. ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਠੋਸ ਉਪਾਅ ਨਹੀਂ ਕੀਤੇ ਜਾਂਦੇ ਤਾਂ ਵੈਕਸੀਨ ਦੀ ਵਿਆਪਕ ਵਰਤੋਂ ਤੋਂ ਪਹਿਲਾਂ ਹੀ 20 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਸਕਦੀ ਹੈ। ਸੰਗਠਨ ਦੇ ਮੁਖੀ ਮਾਈਕ ਰੇਆਨ ਨੇ ਕਿਹਾ ਕਿ ਜਦ ਤਕ ਅਸੀਂ ਕੋਸ਼ਿਸ਼ ਕਰਾਂਗੇ ਤਦ ਤਕ 20 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੋਵੇਗੀ। ਕੋਰੋਨਾ ਵਾਇਰਸ ਦੇ ਸਾਹਮਣੇ ਆਉਣ ਦੇ 9 ਮਹੀਨਿਆਂ ਬਾਅਦ ਹੀ 10 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਈਕ ਰੇਆਨ ਨੇ ਕਿਹਾ ਕਿ ਕੋਰੋਨਾ ਵਾਇਰਸ ਫੈਲਣ ਲਈ ਨੌਜਵਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ। ਬੀਜਿੰਗ ਤੋਂ ਜਾਰੀ ਇਕ ਖਬਰ ਮੁਤਾਬਕ ਚੀਨ ਦੇ ਰਾਸ਼ਟਰੀ ਸਿਹਤ ਮਿਸ਼ਨ ਦੇ ਅਧਿਕਾਰੀ ਝੇਂਗ ਝੋਂਗਵੇਈ ਨੇ ਕਿਹਾ ਕਿ ਚੀਨ ਨੇ ਸੰਗਠਨ ਤੋਂ ਕੋਰੋਨਾ ਦਾ ਪ੍ਰਯੋਗਿਕ ਵੈਕਸੀਨ ਬਣਾਉਣ ਦੀ ਐਮਰਜੈਂਸੀ ਵਰਤੋਂ ਦੀ ਜੂਨ ਵਿਚ ਹੀ ਮਨਜ਼ੂਰੀ ਲੈ ਲਈ ਸੀ।

ਉਸ ਸਮੇਂ ਵੈਕਸੀਨ ਦਾ ਕਲੀਨਿਕ ਟਰਾਇਲ ਵੀ ਪੂਰਾ ਨਹੀਂ ਹੋਇਆ ਸੀ। ਇਸ ਤੋਂ ਪਹਿਲਾਂ ਸੰਗਠਨ ਨੇ ਕਿਹਾ ਸੀ ਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਕੋਈ ਟੀਕਾ ਪੂਰੀ ਤਰ੍ਹਾਂ ਕਾਰਗਰ ਹੋਵੇਗਾ।  ਓਧਰ ਅਮਰੀਕਾ ਦਾ ਦਾਅਵਾ ਹੈ ਕਿ ਉਹ ਕੋਰੋਨਾ ਦਾ ਟੀਕਾ ਸਾਲ ਦੇ ਅੰਤ ਤੱਕ ਲੈ ਹੀ ਆਵੇਗਾ। ਹਾਲਾਂਕਿ ਅਮਰੀਕਾ ਵਿਚ ਪੀੜਤਾਂ ਦੀ ਗਿਣਤੀ 70 ਲੱਖ ਹੋ ਚੁੱਕੀ ਹੈ।
ਦੱਸ ਦਈਏ ਕਿ ਵਿਸ਼ਵ ਵਿਚ 3.23 ਕਰੋੜ ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਜਦਕਿ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ 9 ਲੱਖ 83 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ।