ਵੀ.ਟੀ.ਏ. ਗੋਲੀਬਾਰੀ: ਮਾਰੇ ਗਏ ਸਿੱਖ ਨੌਜਵਾਨ ਤਪਤੇਜਦੀਪ ਸਿੰਘ ਨੂੰ ‘ਨਾਇਕ’ ਵਜੋਂ ਕੀਤਾ ਗਿਆ ਯਾਦ

132
Share

ਲਾਸ ਏਂਜਲਸ, 2 ਜੂਨ (ਪੰਜਾਬ ਮੇਲ)- ਅਮਰੀਕਾ ’ਚ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਭਾਰਤੀ ਮੂਲ ਦੇ ਸਿੱਖ ਵਿਅਕਤੀ ਤਪਤੇਜਦੀਪ ਸਿੰਘ ਨੂੰ ਇਕ ‘ਨਾਇਕ’ ਦੱਸਿਆ ਗਿਆ ਹੈ, ਜੋ ਦੂਜਿਆਂ ਦੀ ਸੁਰੱਖਿਆ ਲਈ ਜਿਉਂਦੇ ਸਨ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਤਪਤੇਜਦੀਪ ਸਿੰਘ ਇਕ ਨਾਇਕ ਵਾਂਗ ਸਨ, ਜੋ ਦੂਜਿਆਂ ਦੀ ਸੇਵਾ ਅਤੇ ਉਨ੍ਹਾਂ ਦੀ ਸੁਰੱਖਿਆ ’ਚ ਲੱਗੇ ਰਹਿੰਦੇ ਸਨ। ਕੈਲੀਫੋਰਨੀਆ ਦੇ ਰੇਲ ਯਾਰਡ ’ਚ ਹੋਈ ਗੋਲੀਬਾਰੀ ’ਚ 9 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਸਿੰਘ ਵੀ ਸ਼ਾਮਲ ਸਨ।
ਗੋਲਾਬਾਰੀ ਬੁੱਧਵਾਰ ਸਵੇਰੇ ਕਰੀਬ ਸਾਢੇ 6 ਵਜੇ ‘ਵੈਲੀ ਟਰਾਂਸਪੋਰਟ ਅਥਾਰਿਟੀ’ (ਵੀ.ਟੀ.ਏ.) ਦੀਆਂ ਦੋ ਇਮਾਰਤਾਂ ਵਿਚ ਹੋਈ ਸੀ ਅਤੇ ਗੋਲੀਬਾਰੀ ਰੱਖ-ਰਖਾਅ ਕਰਮਚਾਰੀ ਸੈਮੁਅਲ ਕੈਸਿਡੀ (57) ਨੇ ਕੀਤੀ ਸੀ। ਤਪਤੇਜਦੀਪ ਸਿੰਘ (36) ਵੀ.ਟੀ.ਏ. ਵਿਚ 9 ਸਾਲਾਂ ਤੋਂ ਇਕ ਲਾਈਟ ਰੇਲ ਆਪਰੇਟਰ ਦੇ ਤੌਰ ’ਤੇ ਕੰਮ ਕਰਦੇ ਸਨ। ਤਪਤੇਜਦੀਪ ਸਿੰਘ ਦੇ ਭਰਾ ਨੇ ਪਰਿਵਾਰ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ, ‘‘ਤਪਤੇਜਦੀਪ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਦਾ ਪਾਲਣ ਕਰਦੇ ਹੋਏ ਦੂਜਿਆਂ ਦੀ ਸੇਵਾ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਸਨ।’’
ਯੂ.ਐੱਸ.ਏ. ਟੁਡੇ ਨੇ ਬਿਆਨ ਦੇ ਹਵਾਲੇ ਨਾਲ ਇਕ ਖ਼ਬਰ ’ਚ ਕਿਹਾ ਹੈ, ‘‘ਅਸੀਂ ਤਪਤੇਜਦੀਪ ਸਿੰਘ ਨੂੰ ਉਸ ਨਾਇਕ ਦੇ ਤੌਰ ’ਤੇ ਯਾਦ ਕਰਨਾ ਚਾਹੁੰਦੇ ਹਾਂ, ਜੋ ਦੂਜਿਆਂ ਦੇ ਸੇਵਾ ਲਈ ਜਿਉਂਦੇ ਸਨ।’’ ਤਪਤੇਜਦੀਪ ਸਿੰਘ ਦੇ ਪਰਿਵਾਰ ’ਚ ਪਤਨੀ, 3 ਸਾਲਾ ਇਕ ਬੇਟਾ ਅਤੇ ਇਕ ਸਾਲ ਦੀ ਬੇਟੀ ਹੈ।

Share