ਵੀਜ਼ੇ ਲਈ ਨਿੱਜੀ ਇੰਟਰਵਿਊ ਤੋਂ ਛੋਟ ਬਹੁਤ ਵਧੀਆ ਕਦਮ : ਮੁਕੇਸ਼ ਅਘੀ

171
Share

ਸੈਕਰਾਮੈਂਟੋ, 26 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇੰਡੀਅਨ ਅਮਰੀਕਨ ਪ੍ਰਧਾਨ ਤੇ ਯੂ.ਐੱਸ.-ਇੰਡੀਆ ਸਟਰੈਟਜ਼ਿਕ ਪਾਰਟਨਰਸ਼ਿੱਪ ਫੋਰਮ ਦੇ ਸੀ.ਈ.ਓ. ਮੁਕੇਸ਼ ਅਘੀ ਨੇ ਕਿਹਾ ਹੈ ਕਿ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਨਾਨ-ਇਮੀਗਰੈਂਟ ਵੀਜ਼ਾ ਵਿਸ਼ੇਸ਼ ਕਰਕੇ ਐੱਚ-1ਬੀ ਵੀਜ਼ੇ ਲਈ ਦੂਤਘਰਾਂ ਜਾਂ ਕੌਂਸਲਖਾਨਿਆਂ ਵਿਚ ਨਿੱਜੀ ਪੇਸ਼ੀ ਤੋਂ ਦਿੱਤੀ ਗਈ ਛੋਟ ਇਕ ਬਹੁਤ ਵਧੀਆ ਕਦਮ ਹੈ, ਜਿਸ ਦਾ ਅਸੀਂ ਸਵਾਗਤ ਕਰਦੇ ਹਾਂ। ਟਰੇਡ ਬਾਡੀ ਦੇ ਮੁੱਖੀ ਮੁਕੇਸ਼ ਅਘੀ ਨੇ ਇਕ ਬਿਆਨ ’ਚ ਕਿਹਾ ਹੈ ਕਿ ਵਿਦੇਸ਼ ਵਿਭਾਗ ਨੇ ਅਮਰੀਕਾ ਦੀ ਅਰਥਵਿਵਸਥਾ ਉਪਰ ਆਰਜੀ ਕੰਮ ਵੀਜ਼ਿਆਂ ਦੇ ਵਿਆਪਕ ਅਸਰ ਨੂੰ ਮੰਨਿਆ ਹੈ ਕਿਉਂਕਿ ਐੱਚ-1ਬੀ ਵੀਜ਼ੇ ਅਮਰੀਕਾ ਦੀ ਅਰਥਵਿਵਸਥਾ ਨਾਲ ਭਾਰਤ ਦੇ ਤਕਨੀਕੀ ਮਾਹਿਰਾਂ ਦੀਆਂ ਸੇਵਾਵਾਂ ਨੂੰ ਵੱਡੀ ਪੱਧਰ ਉਪਰ ਜੋੜਦੇ ਹਨ। ਇਥੇ ਜ਼ਿਕਰਯੋਗ ਹੈ ਕਿ 23 ਦਸੰਬਰ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਕੋਵਿਡ-19 ਦੇ ਵਧੇ ਮਾਮਲਿਆਂ ਕਾਰਨ ਐੱਚ-1ਬੀ, ਐੱਲ-1 ਤੇ ਓ-1 ਵੀਜ਼ਾ ਸ਼੍ਰੇੇਣੀਆਂ ’ਚ ਇੰਟਰਵਿਊ ਲਈ ਆਰਜੀ ਤੌਰ ’ਤੇ ਵਿਅਕਤੀਗਤ ਪੇਸ਼ੀ ਤੋਂ ਛੋਟ ਦੇਣ ਦਾ ਐਲਾਨ ਕੀਤਾ ਸੀ। ਇਸ ਤਰ੍ਹਾਂ ਇਨ੍ਹਾਂ ਸ਼੍ਰੇਣੀਆਂ ’ਚ ਵਰਕ ਵੀਜ਼ਾ ਲੈਣ ਲਈ ਭਾਰਤ ਸਮੇਤ ਵਿਦੇਸ਼ਾਂ ’ਚੋਂ ਦਰਖਾਸਤ ਦੇਣ ਵਾਸਤੇ ਅਮਰੀਕੀ ਦੂਤਾਵਾਸਾਂ ਜਾਂ ਕੌਂਸਲਖਾਨਿਆਂ ’ਚ ਨਿੱਜੀ ਤੌਰ ’ਤੇ ਆਉਣ ਦੀ ਲੋੜ ਨਹੀਂ ਹੈ।

Share