ਸਰੀ, 4 ਮਾਰਚ (ਹਰਦਮ ਮਾਨ/ਪੰਜਾਬ ਮੇਲ)- ਬੀਤੇ ਦਿਨ ਸਰੀ ਵਿਖੇ ਵੀਲ੍ਹ ਚੇਅਰ ਟੈਕਸੀ ਵੈਨ ਚਲਾਉਣ ਵਾਲੇ ਓਨਰ ਅਪਰੇਟਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਇਨ੍ਹਾਂ ਟੈਕਸੀ ਚਾਲਕਾਂ ਨੂੰ ਪੈ ਰਹੇ ਵੱਧ ਖ਼ਰਚਿਆਂ ਅਤੇ ਦਰਪੇਸ਼ ਮੁਸ਼ਕਿਲਾਂ ਉੱਪਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਲੋਅਰਮੈਨਲੈਂਡ ਦੀਆ ਸਾਰੀਆਂ ਟੈਕਸੀ ਕੰਪਨੀਆਂ ਦੇ ਓਨਰ ਅਪਰੇਟਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।
ਟੈਕਸੀ ਚਾਲਕਾਂ ਨੇ ਇਸ ਮੌਕੇ ਆਪਣੀਆਂ ਮੁਸ਼ਕਲਾਂ ਅਤੇ ਮਹਿੰਗਾਈ ਦੇ ਦੌਰ ਵਿੱਚ ਵਧ ਰਹੇ ਖਰਚਿਆਂ ਬਾਰੇ ਵਿਸ਼ੇਸ਼ ਵਿਚਾਰ ਵਟਾਂਦਰਾ ਕੀਤਾ। ਟੈਕਸੀ ਚਾਲਕਾਂ ਦੀਆਂ ਮੁਸ਼ਕਿਲਾਂ ਸੁਣਨ ਅਤੇ ਉਨ੍ਹਾਂ ਦੀ ਆਵਾਜ਼ ਬੀ.ਸੀ. ਸਰਕਾਰ ਤੱਕ ਪੁਚਾਉਣ ਲਈ ਸਰੀ ਦੇ ਐੱਮ ਐੱਲ ਏ ਜਗਰੂਪ ਸਿੰਘ ਬਰਾੜ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਟੈਕਸੀ ਚਾਲਕਾਂ ਵੱਲੋਂ ਉਨ੍ਹਾਂ ਨੂੰ ਇਕ ਮੰਗ ਪੱਤਰ ਵੀ ਪੇਸ਼ ਕੀਤਾ ਗਿਆ ਜਿਸ ਵਿਚ ਮੰਗ ਕੀਤੀ ਗਈ ਕਿ ਵੀਲ੍ਹ ਚੇਅਰ ਟੈਕਸੀ ਚਾਲਕਾਂ ਨੂੰ ਬਚਾਉਣ ਲਈ ਬੀਸੀ ਸਰਕਾਰ ਵੱਲੋਂ ਕੁਝ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣ, ਸਰਕਾਰ ਤੋਂ ਵਿਸ਼ੇਸ਼ ਤੌਰ ਤੇ ਮੰਗ ਕੀਤੀ ਗਈ ਕਿ ਵੀਲ੍ਹ ਚੀਅਰ ਟੈਕਸੀ ਚਲਾਉਣ ਵਾਲੇ ਓਨਰ ਅਪਰੇਟਰਾਂ ਨੂੰ 9 ਹਜਾਰ ਡਾਲਰ ਸਾਲਾਨਾ ਮੁਆਵਜ਼ਾ ਦਿੱਤਾ ਜਾਵੇ। ਟੈਕਸੀ ਕੰਪਨੀਆਂ ਪਾਸੋਂ ਮੰਗ ਕੀਤੀ ਗਈ ਕਿ ਐਕਸੀਡੈਂਟ ਤੋਂ ਬਾਅਦ ਇਨ੍ਹਾਂ ਚਾਲਕਾਂ ਤੋਂ ਡਿਸਪੈਚ ਖਰਚਾ ਨਾ ਲਿਆ ਜਾਵੇ।
ਇਸ ਮੌਕੇ ਜਤਿੰਦਰ ਝੱਜ ਵੱਲੋਂ ਤਿਆਰ ਕੀਤੀ ਗਈ ਇਕ ਪਟੀਸ਼ਨ ਵੀ ਸਾਈਨ ਕਰ ਕੇ ਜਗਰੂਪ ਸਿੰਘ ਬਰਾੜ ਨੂੰ ਸੌਂਪੀ ਗਈ। ਜਗਰੂਪ ਸਿੰਘ ਬਰਾੜ ਨੇ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੀਕ ਪੁਚਾਉਣ ਦਾ ਭਰੋਸਾ ਦੁਆਇਆ।