ਵਿੱਤੀ ਸਾਲ 2022 ਦੌਰਾਨ ਲਗਭਗ 10 ਲੱਖ ਪ੍ਰਵਾਸੀਆਂ ਨੇ ਪ੍ਰਾਪਤ ਕੀਤੀ ਅਮਰੀਕੀ ਨਾਗਰਿਕਤਾ

37
ਨਿਊਯਾਰਕ, 9 ਦਸੰਬਰ (ਪੰਜਾਬ ਮੇਲ)- ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਦੀ ਰਿਪੋਰਟ ਅਨੁਸਾਰ ਵਿੱਤੀ ਸਾਲ 2022 ਦੌਰਾਨ ਲਗਭਗ 10 ਲੱਖ ਪ੍ਰਵਾਸੀਆਂ ਨੇ ਅਮਰੀਕੀ ਨਾਗਰਿਕਤਾ ਪ੍ਰਾਪਤ ਕੀਤੀ, ਜੋ ਲਗਭਗ 15 ਸਾਲਾਂ ਵਿਚ ਨਾਗਰਿਕਤਾ ਹਾਸਲ ਕਰਨ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ। ਯੂ.ਐੱਸ.ਸੀ.ਆਈ.ਐੱਸ. ਨੇ 30 ਸਤੰਬਰ ਨੂੰ ਖ਼ਤਮ ਹੋਏ ਸਾਲ ਦੌਰਾਨ 1,075,700 ਨੈਚੁਰਲਾਈਜ਼ੇਸ਼ਨ ਐਪਲੀਕੇਸ਼ਨਾਂ ਦੀ ਪ੍ਰਕਿਰਿਆ ਪੂਰੀ ਕੀਤੀ ਅਤੇ 967,400 ਨਵੇਂ ਅਮਰੀਕੀ ਨਾਗਰਿਕਾਂ ਨੂੰ ਵਫ਼ਾਦਾਰੀ ਦੀ ਸਹੁੰ ਚੁਕਾਈ। ਬੱਚਿਆਂ ’ਤੇ ਵਿਚਾਰ ਕਰਨ ’ਤੇ ਇਹ ਗਿਣਤੀ ਵਧ ਕੇ 1,023,200 ਪ੍ਰਵਾਸੀਆਂ ਤੱਕ ਪਹੁੰਚ ਗਈ।
ਯੂ.ਐੱਸ.ਸੀ.ਆਈ.ਐੱਸ. ਦੇ ਅੰਕੜਿਆਂ ਅਨੁਸਾਰ ਵਿੱਤੀ ਸਾਲ 2022 ਵਿਚ ਅਮਰੀਕੀ ਨਾਗਰਿਕ ਬਣਨ ਵਾਲੇ ਪ੍ਰਵਾਸੀਆਂ ਦੇ ਜਨਮ ਵਾਲੇ ਚੋਟੀ ਦੇ ਪੰਜ ਦੇਸ਼ਾਂ ਵਿਚ ਮੈਕਸੀਕੋ, ਭਾਰਤ, ਫਿਲੀਪੀਨਜ਼, ਕਿਊਬਾ ਅਤੇ ਡੋਮਿਨਿਕਨ ਰੀਪਬਲਿਕ ਸਨ। ਉਹ ਪ੍ਰਵਾਸੀ ਜੋ ਜਾਂ ਤਾਂ 3-5 ਸਾਲਾਂ ਤੋਂ ਗ੍ਰੀਨ ਕਾਰਡ ਧਾਰਕ (ਸਥਾਈ ਨਿਵਾਸੀ) ਰਹੇ ਹਨ ਜਾਂ ਵੱਖ-ਵੱਖ ਫੌਜੀ ਸੇਵਾਵਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ, ਉਹ ਅਮਰੀਕੀ ਨਾਗਰਿਕਤਾ ਲਈ ਯੋਗ ਹਨ। ਪ੍ਰੋਸੈਸਿੰਗ ਦਾ ਸਮਾਂ, ਜਦੋਂ ਤੁਸੀਂ ਆਪਣੀ ਨਾਗਰਿਕਤਾ ਦੀ ਅਰਜ਼ੀ ਦਾਇਰ ਕਰਦੇ ਹੋ, ਉਦੋਂ ਤੋਂ ਲੈ ਕੇ ਜਦੋਂ ਤੁਸੀਂ ਵਫ਼ਾਦਾਰੀ ਦੀ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੁੰਦੇ ਹੋ, ਤਾਂ ਇਹ ਪ੍ਰਕਿਰਿਆ18.5-24 ਮਹੀਨਿਆਂ ਦੇ ਵਿਚਕਾਰ ਹੁੰਦੀ ਹੈ। ਨੈਚੁਰਲਾਈਜ਼ੇਸ਼ਨ ਐਪਲੀਕੇਸ਼ਨਾਂ ਲਈ ਮੌਜੂਦਾ ਸਰਕਾਰੀ ਫਾਈਲਿੰਗ ਫੀਸ 725 ਡਾਲਰ ਹੈ, ਜਿਸ ਵਿਚ ਪ੍ਰੋਸੈਸਿੰਗ ਲਈ 640 ਡਾਲਰ ਅਤੇ ਬਾਇਓਮੈਟਿ੍ਰਕਸ ਸੇਵਾਵਾਂ ਲਈ 85 ਡਾਲਰ ਸ਼ਾਮਲ ਹਨ। ਮਿਲਟਰੀ ਬਿਨੈਕਾਰਾਂ ਨੂੰ ਦੋਵਾਂ ਫੀਸਾਂ ਤੋਂ ਛੋਟ ਹੈ।
ਅਮਰੀਕੀ ਨਾਗਰਿਕਤਾ ਵਾਲੇ ਪ੍ਰਵਾਸੀਆਂ ਨੂੰ ਫੈਡਰਲ ਚੋਣਾਂ ਵਿਚ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉਹ ਅਮਰੀਕੀ ਚੋਣਾਂ ਵਿਚ ਉਮੀਦਵਾਰੀ ਲਈ ਯੋਗ ਹੁੰਦੇ ਹਨ। ਮੈਡੀਕੇਅਰ ਜਿਹੇ ਸਰਕਾਰੀ ਸਹਾਇਤਾ ਪ੍ਰੋਗਰਾਮਾਂ ਤੱਕ ਪਹੁੰਚ ਰੱਖਦੇ ਹਨ। ਉਹ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਰਿਸ਼ਤੇਦਾਰਾਂ ਨੂੰ ਸਪਾਂਸਰ ਕਰਦੇ ਹਨ ਅਤੇ ਬੱਚਿਆਂ ਲਈ ਆਟੋਮੈਟਿਕ ਅਮਰੀਕੀ ਨਾਗਰਿਕਤਾ ਯਕੀਨੀ ਬਣਾਉਂਦੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਯੂ.ਐੱਸ.ਸੀ.ਆਈ.ਐੱਸ. ਨੇ 30 ਜੂਨ ਤੱਕ 8.7 ਮਿਲੀਅਨ ਤੋਂ ਵੱਧ ਇਮੀਗ੍ਰੇਸ਼ਨ ਕੇਸਾਂ ਦੀ ਨਿਗਰਾਨੀ ਕੀਤੀ – ਗ੍ਰੀਨ ਕਾਰਡ ਅਰਜ਼ੀਆਂ ਤੋਂ ਲੈ ਕੇ ਸ਼ਰਣ ਦੀਆਂ ਬੇਨਤੀਆਂ ਅਤੇ ਵਰਕ ਪਰਮਿਟ ਪਟੀਸ਼ਨਾਂ ਤੱਕ।
ਯੂ.ਐੱਸ.ਸੀ.ਆਈ.ਐੱਸ. ਦੇ ਡਾਇਰੈਕਟਰ ਉਰ ਐਮ. ਜਾਡੌ ਨੇ ਕਿਹਾ ਕਿ ‘‘ਸਾਨੂੰ ਸੌਂਪਿਆ ਗਿਆ ਹਰ ਇਮੀਗ੍ਰੇਸ਼ਨ ਕੇਸ ਇੱਕ ਵਿਅਕਤੀ ਜਾਂ ਇੱਕ ਪਰਿਵਾਰ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਅਮਰੀਕਾ ਵਿਚ ਇੱਕ ਬਿਹਤਰ ਜੀਵਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਇੱਕ ਵਧੇਰੇ ਮਨੁੱਖੀ ਇਮੀਗ੍ਰੇਸ਼ਨ ਪ੍ਰਣਾਲੀ ਬਣਾਉਣ ਲਈ ਮਾਪਣਯੋਗ ਤਰੱਕੀ ਕੀਤੀ ਹੈ… ਇੱਥੇ ਹੋਰ ਕੰਮ ਕਰਨ ਦੀ ਲੋੜ ਹੈ, ਖਾਸ ਤੌਰ ’ਤੇ ਉਨ੍ਹਾਂ ਸਾਰੇ ਲੋਕਾਂ ਲਈ ਪ੍ਰੋਸੈਸਿੰਗ ਦੇ ਸਮੇਂ ਨੂੰ ਘਟਾਉਣ ਲਈ, ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ। ਯੂ.ਐੱਸ.ਸੀ.ਆਈ.ਐੱਸ. ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿਚ ਯੂ.ਐੱਸ.ਸੀ.ਆਈ.ਐੱਸ. ਪ੍ਰਵਾਸੀ ਕਾਮਿਆਂ ਲਈ ਸਾਰੀਆਂ ਪਟੀਸ਼ਨਾਂ ਅਤੇ ਵਿਦਿਆਰਥੀਆਂ ਅਤੇ ਐਕਸਚੇਂਜ ਵਿਜ਼ਟਰਾਂ ਲਈ ਕੁਝ ਰੁਜ਼ਗਾਰ ਅਧਿਕਾਰ ਅਰਜ਼ੀਆਂ ਲਈ ਪ੍ਰੀਮੀਅਮ ਪ੍ਰੋਸੈਸਿੰਗ ਨੂੰ ਲਾਗੂ ਕਰਕੇ ਇਸ ਪ੍ਰਗਤੀ ਨੂੰ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਗੈਰ-ਪ੍ਰਵਾਸੀ ਰੁਤਬੇ ਨੂੰ ਬਦਲਣ ਅਤੇ ਗੈਰ-ਪ੍ਰਵਾਸੀ ਠਹਿਰਨ ਦੇ ਵਿਸਥਾਰ ਲਈ ਸਾਰੇ ਬਿਨੈਕਾਰਾਂ ਲਈ ਇੱਕ ਸਥਾਈ ਬਾਇਓਮੈਟਿ੍ਰਕਸ ਛੋਟ ਸਥਾਪਤ ਕਰਨ ਦੀ ਉਮੀਦ ਕਰਦਾ ਹੈ। ਰੁਜ਼ਗਾਰ ਅਧਿਕਾਰ, ਸਥਿਤੀ ਦੀ ਵਿਵਸਥਾ ਅਤੇ ਨੈਚੁਰਲਾਈਜ਼ੇਸ਼ਨ ਲਈ ਅਰਜ਼ੀਆਂ ਸਮੇਤ ਕਈ ਆਮ ਫਾਰਮਾਂ ਨੂੰ ਸਰਲ ਬਣਾਇਆ ਜਾਵੇਗਾ।