ਵਿਸਾਖੀ ਮੌਕੇ 12 ਅਪ੍ਰੈਲ ਨੂੰ ਸਿੱਖ ਜੱਥਾ ਪਾਕਿ ਗੁਰਧਾਮਾਂ ਦੀ ਯਾਤਰਾ ਲਈ ਹੋਵੇਗਾ ਰਵਾਨਾ

425
Share

ਅੰਮਿ੍ਰਤਸਰ, 9 ਮਾਰਚ (ਪੰਜਾਬ ਮੇਲ)- ਵਿਸਾਖੀ ਮੌਕੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ’ਤੇ ਜਾਣ ਵਾਲੇ ਸਿੱਖ ਯਾਤਰੂ ਜਥਿਆਂ ਲਈ ਪਾਕਿਸਤਾਨ ਵਿਦੇਸ਼ ਮੰਤਰਾਲੇ ਵਲੋਂ ਰੂਟ-ਪਲਾਨ ਜਾਰੀ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਭਾਰਤੀ ਯਾਤਰੂਆਂ ਲਈ 10 ਦਿਨਾਂ ਦਾ ਵੀਜ਼ਾ ਜਾਰੀ ਕੀਤਾ ਗਿਆ ਹੈ ਅਤੇ ਇਹ ਵੀਜ਼ਾ ਕਰੀਬ 3000 ਯਾਤਰੂਆਂ ਲਈ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 12 ਅਪ੍ਰੈਲ ਨੂੰ ਯਾਤਰੂ ਜੇ.ਸੀ.ਪੀ. ਅਟਾਰੀ ਰਾਹੀਂ ਸੜਕ ਰਸਤੇ ਪੈਦਲ ਵਾਹਗਾ ਲਈ ਰਵਾਨਾ ਹੋਣਗੇ ਅਤੇ ਉੱਥੋਂ ਯਾਤਰੂਆਂ ਨੂੰ ਭਾਰੀ ਸੁਰੱਖਿਆ ਹੇਠ ਸਿੱਧਾ ਹਸਨ ਅਬਦਾਲ ਪਹੁੰਚਾਇਆ ਜਾਵੇਗਾ। 13 ਅਪ੍ਰੈਲ ਨੂੰ ਯਾਤਰੂ ਵਲੀ ਕੰਧਾਰੀ ਦੀ ਦਰਗਾਹ ’ਤੇ ਮੱਥਾ ਟੇਕਣ ਜਾਣਗੇ ਅਤੇ 14 ਅਪ੍ਰੈਲ ਨੂੰ ਵਿਸਾਖੀ ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ’ਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। 15 ਅਪ੍ਰੈਲ ਨੂੰ ਬਾਅਦ ਦੁਪਹਿਰ ਯਾਤਰੂਆਂ ਨੂੰ ਬੱਸਾਂ ਰਾਹੀਂ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਕੀਤਾ ਜਾਵੇਗਾ। 16 ਅਪ੍ਰੈਲ ਨੂੰ ਸੰਗਤ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਸਮੇਤ ਸਥਾਨਕ ਹੋਰਨਾਂ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਉਪਰੰਤ ਫਾਰੂਖਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕਰਨ ਪਹੁੰਚੇਗੀ। ਅਗਲੇ ਦਿਨ 17 ਅਪ੍ਰੈਲ ਨੂੰ ਸੰਗਤ ਨੂੰ ਬੱਸਾਂ ਰਾਹੀਂ ਲਾਹੌਰ ਲਈ ਰਵਾਨਾ ਕੀਤਾ ਜਾਵੇਗਾ। ਲਾਹੌਰ ਪਹੁੰਚਣ ਉਪਰੰਤ ਸੰਗਤ ਅਗਲੇ ਦਿਨ 18 ਅਪ੍ਰੈਲ ਨੂੰ ਲਾਹੌਰ ਦੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕਰੇਗੀ ਅਤੇ 19 ਅਪ੍ਰੈਲ ਨੂੰ ਬੱਸਾਂ ਰਾਹੀਂ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੇਗੀ। 20 ਅਪ੍ਰੈਲ ਨੂੰ ਯਾਤਰੂਆਂ ਨੂੰ ਗੁੱਜਰਾਂਵਾਲਾ ਦੇ ਏਮਨਾਬਾਦ ਕਸਬੇ ਵਿਚਲੇ ਗੁਰਦੁਆਰਾ ਰੋੜ੍ਹੀ ਸਾਹਿਬ, ਗੁਰਦੁਆਰਾ ਚੱਕੀ ਸਾਹਿਬ ਅਤੇ ਖੂਹੀ ਭਾਈ ਲਾਲੋ ਦੇ ਦਰਸ਼ਨ ਕਰਵਾਏ ਜਾਣਗੇ ਅਤੇ 21 ਅਪ੍ਰੈਲ ਨੂੰ ਸੰਗਤ ਦੇ ਲਾਹੌਰ ਰੁੱਕਣ ਉਪਰੰਤ 22 ਅਪ੍ਰੈਲ ਨੂੰ ਵਾਪਸ ਭਾਰਤ ਪਰਤਣ ਲਈ ਰਵਾਨਾ ਕੀਤਾ ਜਾਵੇਗਾ।

Share