ਵਿਸ਼ੇਸ਼ ਅਦਾਲਤ ਨੇ ਅਨਿਲ ਦੇਸ਼ਮੁਖ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜਿਆ

279
Share

ਮੁੰਬਈ, 6 ਨਵੰਬਰ (ਪੰਜਾਬ ਮੇਲ)- ਇਥੇ ਅਦਾਲਤੀ ਛੁੱਟੀਆਂ ਦੌਰਾਨ ਲਗਾਈ ਗਈ ਵਿਸ਼ੇਸ਼ ਅਦਾਲਤ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਉਨ੍ਹਾਂ ਉੱਤੇ ਕਾਲੇ ਧਨ ਨੂੰ ਸਫੈਦ ਕਰਨ ਦਾ ਦੋਸ਼ ਹੈ। ਇਸ ਕੇਸ ਦੀ ਜਾਂਚ ਕਰਨ ਵਾਲੀ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦੇਸ਼ਮੁਖ ਖ਼ਿਲਾਫ਼ 9 ਦਿਨਾਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਈ.ਡੀ. ਦੀ ਮੰਗ ਨੂੰ ਠੁਕਰਾਉਂਦਿਆਂ ਦੇਸ਼ਮੁਖ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਈ.ਡੀ. ਨੇ ਬੀਤੀ ਸੋਮਵਾਰ ਰਾਤ ਨੂੰ 12 ਘੰਟੇ ਪੁੱਛ-ਪੜਤਾਲ ਕਰਨ ਮਗਰੋਂ ਦੇਸ਼ਮੁਖ ਨੂੰ ਗਿ੍ਰਫ਼ਤਾਰ ਕਰ ਲਿਆ ਸੀ ਤੇ ਮੰਗਲਵਾਰ ਨੂੰ ਅਦਾਲਤ ਨੇ ਦੇਸ਼ਮੁਖ ਨੂੰ 6 ਨਵੰਬਰ ਤੱਕ ਈ.ਡੀ. ਦੀ ਹਿਰਾਸਤ ’ਚ ਰਿਮਾਂਡ ’ਤੇ ਭੇਜ ਦਿੱਤਾ ਸੀ। ਈ.ਡੀ. ਅਨੁਸਾਰ ਦੇਸ਼ਮੁਖ ਨੇ ਗ੍ਰਹਿ ਮੰਤਰੀ ਰਹਿੰਦਿਆਂ ਆਪਣੇ ਰੁਤਬੇ ਦੀ ਦੁਰਵਰਤੋਂ ਕਰਦਿਆਂ ਬਰਖ਼ਾਸਤ ਪੁਲਿਸ ਅਧਿਕਾਰੀ ਸਚਿਨ ਵਾਜ਼ੇ ਨਾਲ ਮਿਲ ਕੇ ਮੁੰਬਈ ਦੇ ਰੈਸਤਰਾਂ ਤੇ ਬਾਰਾਂ ਤੋਂ ਕਥਿਤ ਤੌਰ ਉੱਤੇ 4.70 ਕਰੋੜ ਰੁਪਏ ਇਕੱਠੇ ਕੀਤੇ ਸਨ।

Share