ਵਿਸ਼ਵ ਸਿਹਤ ਸੰਗਠਨ ਆਪਣੀ ਨੈਤਿਕ ਹਿੰਮਤ ਅਤੇ ਦਰਸ਼ਨ ਗੁਆ ਬੈਠੀ ਹੈ : ਪ੍ਰੋ: ਰਣਜੀਤ ਧੀਰ

683
Share

-ਵਿਸ਼ਵ ਸਿਹਤ ਸੰਗਠਨ ‘ਤੇ ਖੁੱਲ੍ਹੀ ਮੰਡੀ ਦੀ ਆਰਥਿਕਤਾ ਤੇ ਕਾਰਪੋਰੇਟ ਤਾਕਤਾਂ ਹਾਵੀ ਹੋ ਗਈਆਂ ਹਨ : ਮੰਚ
-ਕਰੋਨਾ ਸੰਕਟ ਸਮੇਂ ਵਿਸ਼ਵ ਸਿਹਤ ਸੰਗਠਨ ਦੀ ਕਾਰਗੁਜ਼ਾਰੀ ‘ਤੇ ਕਰਵਾਈ ਗਈ ਅੰਤਰਰਾਸ਼ਟਰੀ ਵਿਚਾਰ ਚਰਚਾ
ਲੰਡਨ, 2 ਸਤੰਬਰ (ਨਰਪਾਲ ਸਿੰਘ ਸ਼ੇਰਗਿੱਲ/ਪੰਜਾਬ ਮੇਲ)- ”ਪੋਲੀਓ, ਚੇਚਕ, ਹੇਜ਼ਾ, ਮਲੇਰੀਆ, ਇੰਬੋਲਾ, ਸਾਰਸ ਤੇ ਏਡਜ਼ ਸਮੇਤ ਸਮੇਂ-ਸਮੇਂ ਫੈਲਣ ਵਾਲੀਆਂ ਸੰਸਾਰ ਵਿਆਪੀ ਭਿਆਨਕ ਬੀਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤੇ ਇਨ੍ਹਾਂ ਤੋਂ ਵਿਸ਼ਵ ਨੂੰ ਮੁਕਤ ਕਰਾਉਣ ਲਈ ਜ਼ਿਕਰਯੋਗ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਵਿਸ਼ਵ ਸਿਹਤ ਸੰਗਠਨ ਇਸ ਵਾਰ ਕਰੋਨਾ ਮਹਾਂਮਾਰੀ ਦੇ ਦੌਰ ‘ਚ ਆਪਣੀ ਬਣਦੀ ਕੁੰਜੀਵਤ ਭੂਮਿਕਾ ਨਿਭਾਉਣੋਂ ਖੁੰਝਣ ਕਰਨ ਸੁਆਲਾਂ ਦੇ ਘੇਰੇ ‘ਚ ਹੈ।” ਵਿਸ਼ਵ ਪੱਧਰੀ ਸ਼ੋਹਰਤ ਪ੍ਰਾਪਤ ਵਿਚਾਰਵਾਨ ਲੇਖਕ ਰਣਜੀਤ ਧੀਰ ਯੂ.ਕੇ. ਨੇ ਵਿਸ਼ਵ ਸਿਹਤ ਸੰਗਠਨ ਦੀ ਭੂਮਿਕਾ ਬਾਰੇ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ‘ਚ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਕਰਵਾਏ ਕੌਮਾਂਤਰੀ ਵੈੱਬੀਨਾਰ ਨੂੰ ਸੰਬੋਧਨ ਕਰਦਿਆਂ ਇਹ ਗੰਭੀਰ ਸੁਆਲ ਖੜ੍ਹਾ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ 194 ਮੁਲਕਾਂ ਨੂੰ ਸਿਹਤ ਸੇਵਾਵਾਂ ਨੂੰ ਸੇਧ ਮੁਹੱਈਆ ਕਰਨ ਵਾਲੀ ਇਸ ਸੰਸਥਾ ਨੇ ਵਿਸ਼ਵ ਭਰ ‘ਚ ਗਰੀਬੀ ਘਟਾਉਣ, ਪੀਣ ਲਈ ਸਾਫ਼ ਪਾਣੀ ਤੇ ਸਾਫ਼ ਸਫ਼ਾਈ ਸਮੇਤ ਲੋੜੀਂਦੀਆਂ ਮੁੱਢਲੀਆਂ ਸੇਵਾਵਾਂ ਹਰ ਇਕ ਤੱਕ ਪਹੁੰਚਾਉਣ, ਕੁਪੋਸ਼ਣ ਰੋਕਣ, ਬੱਚੇ ਤੇ ਔਰਤਾਂ ਅਤੇ ਲਿੰਗਕ ਸਮਾਨਤਾ ਸਮੇਤ ਬਹੁਤ ਸਾਰੇ ਹੋਰ ਮੁੱਦਿਆਂ ਬਾਰੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਵਿਸ਼ਵ ਸਰਕਾਰਾਂ ਦੀ ਸੇਧਗਾਰ ਸੰਸਥਾ ਦੀ ਹੋਂਦ, ਲੋੜ ਤੇ ਭੂਮਿਕਾ ਬਾਰੇ ਸੁਆਲ ਖੜ੍ਹੇ ਹੋਣਾ ਤੇ ਅਮਰੀਕਾ ਵਲੋਂ ਇਸ ਦਾ ਬਾਈਕਾਟ ਤੇ ਮਾਲੀ ਇਮਦਾਦ ਬੰਦ ਕਰਨਾ ਗੰਭੀਰ ਮੁੱਦਾ ਹੈ।
ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਮੀਡੀਆ ਕੋਆਰਡੀਨੇਟਰ ਨਰਪਾਲ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸ਼੍ਰੀ ਧੀਰ ਨੇ ਅੱਗੇ ਕਿਹਾ ਕਿ ਇਸ ਦੀ ਇਕ ਵਜ੍ਹਾ ਇਹ ਵੀ ਹੈ ਕਿ ਇਸ ਵਾਰ ਇਹ ਸੰਸਥਾ ਕੋਰੋਨਾਵਾਇਰਸ ਪੈਦਾ ਹੋਣ, ਫੈਲਣ ਬਾਰੇ ਸਮੇਂ ਸਿਰ ਜਾਣਕਾਰੀ ਹਾਸਲ ਕਰਨ ਤੇ ਇਸ ਦੀ ਭਿਆਨਕਤਾ ਤੇ ਇਸ ਤੋਂ ਬਚਣ ਬਾਰੇ ਸਰਗਰਮ ਤੇ ਵਕਤ ਸਿਰ ਸੇਧ ਮੁਹੱਈਆ ਕਰਨ ‘ਚ ਨਾਕਾਮ ਰਹੀ ਹੈ। ਇਕ ਤਰ੍ਹਾਂ ਅਮਰੀਕਾ ਚੀਨ ਦੀ ਠੰਡੀ ਜੰਗ ‘ਤੇ ਗੁੱਟ ਬੰਦੀ ‘ਚ ਹੀ ਉਲਝੇ ਰਹਿਣਾ ਅਤੇ ਚੀਨ ਜਿਥੋਂ ਇਹ ਵਾਇਰਸ ਪੈਦਾ ਹੋਇਆ ਤੇ ਫੈਲਿਆ, ਉਸਨੂੰ ਬਿਨਾਂ ਕਿਸੇ ਜਾਂਚ ਦੇ ਕਲੀਨ ਚਿੱਟ ਦੇਣੀ ਵੀ ਉਸ ਨੂੰ ਕਟਹਿਰੇ ਵਿਚ ਖੜ੍ਹਾ ਕਰਦਾ ਹੈ।
ਵੈੱਬਨਾਰ ਚਰਚਾ ਨੂੰ ਅੱਗੇ ਤੋਰਦਿਆਂ ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਹਰਜਿੰਦਰ ਵਾਲੀਆ, ਡਾ. ਐੱਸ.ਪੀ. ਸਿੰਘ, ਬੇਅੰਤ ਕੌਰ ਗਿੱਲ, ਡਾ. ਗੁਰਚਰਨ ਨੂਰਪੁਰ, ਸੁਰਿੰਦਰ ਮਚਾਕੀ, ਡਾ. ਆਸਾ ਸਿੰਘ ਘੁੰਮਣ, ਡਾ. ਸੁਖਪਾਲ ਸਿੰਘ ਪੀ.ਏ.ਯੂ., ਕੇਹਰ ਸ਼ਰੀਫ ਜਰਮਨੀ, ਵਰਿੰਦਰ ਸ਼ਰਮਾ ਐੱਮ.ਪੀ. ਯੂ.ਕੇ., ਡਾ. ਗਿਆਨ ਸਿੰਘ ਨੇ ਵੀ ਕਈ ਨੁਕਤੇ ਸਾਂਝੇ ਕੀਤੇ ਤੇ ਸੁਆਲ ਉਠਾਏ। ਮੁੱਖ ਤੌਰ ਉੱਤੇ ਉਨ੍ਹਾਂ ਦਾ ਕਹਿਣਾ ਸੀ ਕਿ ਵਿਸ਼ਵ ਸਿਹਤ ਸੰਗਠਨ ‘ਤੇ ਖੁੱਲ੍ਹੀ ਮੰਡੀ ਦੀ ਆਰਥਕਤਾ ‘ਤੇ ਕਾਰਪੋਰੇਟ ਤਾਕਤਾਂ ਹਾਵੀ ਹੋ ਗਈਆਂ ਹਨ। ਉਸ ਦੀਆਂ ਸਰਗਰਮੀਆਂ ਤੇ ਸੇਧਾਂ ‘ਤੇ ਇਸ ਦੀ ਛਾਪ ਰਹੀ ਹੈ ਤੇ ਇਸ ‘ਚ ਦਵਾ ਸਨਅਤ ਦਾ ਕੌਮਾਂਤਰੀ ਏਜੰਡਾ ਵੀ ਭਾਰੂ ਰਿਹਾ ਹੈ।
ਰਣਜੀਤ ਧੀਰ ਨੇ ਇਸ ਚਰਚਾ ਨੂੰ ਸਮੇਟਦਿਆਂ ਤੇ ਉਠਾਏ ਸੁਆਲਾਂ ਦੇ ਜੁਆਬ ਦਿੰਦਿਆਂ ਇਸ ਬੀਮਾਰੀ ਨਾਲ ਨਜਿੱਠਣ ਲਈ ਤਾਈਵਾਨ ਤੇ ਨਿਊਜ਼ੀਲੈਂਡ ਮਾਡਲ ਦੀ ਉਚੇਚੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਵਿਸ਼ਵ ਲਈ ਸੇਧ ਹੈ। ਉਨ੍ਹਾਂ ਵਿਸ਼ਵ ਸਿਹਤ ਸੰਗਠਨ ਦੀ ਇਸ ਬੀਮਾਰੀ ਸਬੰਧੀ ਸਮੁੱਚੇ ਵਿਸ਼ਵ ਦੀਆਂ ਸਰਕਾਰਾਂ ਦੀ ਜਾਂਚ ਦੀ ਧਾਰਨਾ ਰੱਦ ਕਰਦਿਆਂ ਚੀਨ ਦੀ ਭੂਮਿਕਾ ਦੀ ਕੌਮਾਂਤਰੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਆਪਣਾ ਨੈਤਿਕ ਹਿੰਮਤ ਤੇ ਦਰਸ਼ਨ ਕਰੋਨਾ ਮਹਾਂਮਾਰੀ ਸਮੇਂ ਗੁਆ ਬੈਠੀ ਹੈ ਅਤੇ ਅਮਰੀਕਾ, ਚੀਨ ਦੇ ਆਪਸੀ ਵਿਵਾਦ ‘ਚ ਫਸੀ ਨਜ਼ਰ ਆ ਰਹੀ ਹੈ। ਇਸ ਵੈਬੀਨਾਰ ਵਿਚ ਡਾ. ਐੱਸ.ਪੀ. ਸਿੰਘ, ਗੁਰਮੀਤ ਸਿੰਘ ਪਲਾਹੀ, ਪਰਵਿੰਦਰਜੀਤ ਸਿੰਘ, ਡਾ. ਗਿਆਨ ਸਿੰਘ, ਵਰਿੰਦਰ ਸ਼ਰਮਾ ਐੱਮ.ਪੀ., ਗੁਰਚਰਨ ਨੂਰਪੁਰ, ਬੰਸੋ ਦੇਵੀ, ਡਾ. ਚਰਨਜੀਤ ਸਿੰਘ ਗੁਮਟਾਲਾ, ਐਡਵੋਕੇਟ ਦਰਸ਼ਨ ਸਿੰਘ ਰਿਆੜ, ਮਨਪ੍ਰੀਤ ਸਿੰਘ ਬਧਨੀ ਕਲਾਂ, ਡਾ. ਹਰਜਿੰਦਰ ਵਾਲੀਆ, ਜਨਕ ਪਲਾਹੀ, ਕੇਹਰ ਸ਼ਰੀਫ, ਕੁਲਦੀਪ ਚੰਦ, ਪਰਗਟ ਸਿੰਘ ਰੰਧਾਵਾ, ਐੱਸ.ਐੱਲ. ਵਿਰਦੀ, ਡਾ. ਐੱਸ.ਐੱਸ. ਛੀਨਾ, ਜਗਦੀਪ ਸਿੰਘ ਕਾਹਲੋਂ, ਸੁਰਿੰਦਰ ਮਚਾਕੀ, ਜੀ.ਐੱਸ. ਗੁਰਦਿੱਤ, ਰਵਿੰਦਰ ਚੋਟ, ਗੌਰਵ ਵਰਮਾ, ਡਾ. ਵਿਸ਼ਿਸ਼ਟ, ਡਾ. ਆਸਾ ਸਿੰਘ ਘੁੰਮਣ, ਅਜਾਇਬ ਸਿੰਘ ਚੱਠਾ, ਡਾ. ਸੁਖਪਾਲ ਸਿੰਘ, ਕਰਮ ਮੋਹਨ, ਮਨਮੋਹਨ ਸਿੰਘ ਮਹੇਰੂ, ਸੁਖਚੈਨ ਸਿੰਘ, ਪਰਮਜੀਤ ਸਿੰਘ ਮਾਨਸਾ, ਕੁਲਵੰਤ ਸਿੰਘ ਅਣਖੀ, ਡਾ. ਗਿਆਨ ਸਿੰਘ ਅਤੇ ਗਿਆਨ ਸਿੰਘ ਮੋਗਾ ਆਦਿ ਸ਼ਾਮਲ ਸਨ।


Share