ਵਿਸ਼ਵ ਭਰ ਦੀਆਂ ਅਖਬਾਰਾਂ ਆਰਥਿਕ ਸੰਕਟ ‘ਚ ਘਿਰੀਆਂ

753
Share

ਆਨ ਲਾਈਨ ਚੰਦੇ ਲਈ 1-1 ਡਾਲਰ ਦੀ ਅਪੀਲ
-ਨਿਊਜ਼ੀਲੈਂਡ ਦੀਆਂ ਨੈਸ਼ਨਲ ਅਖਬਾਰਾਂ ਦੀ ਹਾਲਤ ਵੀ ਇਹੋ ਜਿਹੀ
-ਪੰਜਾਬੀ ਅਖਬਾਰਾਂ, ਟੀ.ਵੀ. ਅਤੇ ਰੇਡੀਓ ‘ਤੇ ਆਉਣ ਦਾ ਸਭ ਨੂੰ ਚਾਅ ਪਰ ਇਸ਼ਤਿਹਾਰੀ ਸਹਿਯੋਗ ਨਾ ਮਾਤਰ
ਔਕਲੈਂਡ, 11 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਕਰੋਨਾ ਵਾਇਰਸ ਨੇ ਜਿੱਥੇ ਵਿਸ਼ਵ ਦੇ ਆਰਥਿਕ ਭੰਡਾਰੇ ਨੂੰ ਭੂੰਡ ਵਾਂਗ ਚਿੰਬੜ ਕੇ ਇਕ ਤਰ੍ਹਾਂ ਸੁਕਾ ਦਿੱਤਾ ਹੈ ਉਥੇ ਪੂਰੀ ਦੁਨੀਆਂ ਨੂੰ ਕਿਸੇ ਵੇਲੇ ਇਕ ਦੂਜੇ ਨਾਲ ਜੋੜ ਕੇ ਰੱਖਣ ਅਤੇ ਆਰਥਿਕ ਕਮਾਈ ਨਾਲ ਆਕੜ ਕੇ ਚੱਲਣ ਵਾਲੀਆਂ ਅਖਬਾਰਾਂ ਅੱਜ ਦੇ ਆਧੁਨਿਕ ਯੁਗ ਵਿਚ ਕੁੱਬੀਆਂ ਹੋ ਗਈਆਂ ਹਨ। ਇੰਟਰਨੈਟ, ਸੋਸ਼ਲ ਮੀਡੀਆ ਅਤੇ ਆਨ ਲਾਈਨ ਐਡੀਸ਼ਨਾਂ ਨੇ ਅਖਬਾਰਾਂ ਦੀ ਰੀੜ ਦੀ ਹੱਡੀ ਕਹੇ ਜਾਂਦੇ ‘ਇਸ਼ਤਿਹਾਰ’ ਆਪਣੇ ਨਾਂਅ ਕਰ ਲਏ ਹਨ। ਇਲੈਕਟ੍ਰਾਨਿਕ ਮੀਡੀਆ ਵੀ ਐਨਾ ਤੇਜ਼ ਅਤੇ ਮੁਕਾਬਲੇ ਬਾਜੀ ਵਾਲਾ ਹੋ ਗਿਆ ਹੈ ਕਿ ਇਕ ਦੂਜੇ ਦੀ ਪਿੱਠ ਲਾਉਣ ਲਈ ਖੁੱਲ੍ਹੀ ਕੈਂਚੀ ਅਤੇ ਧੱਕਾ ਦੇ ਕੇ ਚੂਨੇ ਵਾਲੀ ਲਾਈਨ ਤੋਂ ਬਾਹਰ ਸੁੱਟਣ ਨੂੰ ਆਪਣੇ ਨੰਬਰਾਂ ਵਿਚ ਸ਼ਾਮਿਲ ਕਰਨ ਲੱਗਿਆ ਹੈ। ਕਰੋਨਾ ਦੇ ਚਲਦਿਆਂ ਭਾਰਤ ਦੇ ਵਿਚ ਹਾਕਰਾਂ ਨੇ ਅਖਬਾਰਾਂ ਦੀ ਵੰਡ-ਵੰਡਾਈ ਘੱਟ ਕੀਤੀ ਜਾਂ ਫਿਰ ਲਾਕ ਡਾਊਨ ਦੌਰਾਨ ਸਮਾਂ ਸੀਮਾ ਤੈਅ ਹੋਣ ਕਰਕੇ ਇਸ ਨੂੰ ਥਾਂ-ਥਾਂ ਪਹੁੰਚਾਉਣਾ ਔਖਾ ਹੋ ਗਿਆ। ਜਿਸ ਕਰਕੇ ਲੋਕਾਂ ਦਾ ਅਖਬਾਰ ਪੜ੍ਹਨ ਦਾ ਸੁਆਦ ਵੀ ਕਾਗਜ਼ਾਂ ਤੋਂ ਟੁੱਟ ਕੇ ਟੀ.ਵੀ. ਚੈਨਲਾਂ, ਸੋਸ਼ਲ ਸਾਈਟਾਂ ਜਾਂ ਟੀ.ਵੀ ਐਪਲੀਕੇਸ਼ਨਾਂ ਵੱਲ ਰੁਖਸਤ ਕਰ ਗਿਆ। ਹੁਣ ਭਾਵੇਂ ਪੂਰਾ ਲਾਕ ਡਾਊਨ ਹੱਟ ਵੀ ਜਾਵੇ ਪਰ ਕਹਿੰਦੇ ਨੇ ਜਿਹੜਾ ਗਾਹਕ ਇਕ ਵਾਰ ਗਿਆ ਉਹ ਗਿਆ ਬਹੁਤ ਘੱਟ ਮੌਕਾ ਹੁੰਦਾ ਹੈ ਜਦੋਂ ਉਹ ਦੁਬਾਰਾ ਉਸੇ ਭਾਅ ਸੌਦਾ ਲੈਣ ਆਵੇ।
ਗੱਲ ਕਰਾਂਗੇ ਵਿਦੇਸ਼ੀ ਵਸਦੇ ਪੰਜਾਬੀ ਮੀਡੀਆ ਅਤੇ ਮੀਡੀਆ ਕਰਮੀਆਂ ਦੀ। ਵਿਦੇਸ਼ਾਂ ਦੇ ਵਿਚ ਕੁਝ ਵੱਡੇ ਅਦਾਰੇ ਹਨ ਜਿਨ੍ਹਾਂ ਦੇ ਸਹਿਯੋਗੀ ਬਿਜਨਸ ਅਜਿਹੇ ਮੀਡੀਆ ਪਲੇਟਫਾਰਮ ਚਲਾਉਣ ਵਾਸਤੇ ਸਹਾਇਤਾ ਰਾਸ਼ੀ ਪ੍ਰਦਾਨ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਕਈ ਸ਼ੌਕੀਆਂ ਤੌਰ ‘ਤੇ, ਮੀਡੀਆ ਨਾਲ ਪੁਰਾਣਾ ਰਿਸ਼ਤਾ ਰੱਖਣ ਵਾਲੇ ਜਾਂ ਫਿਰ ਪੰਜਾਬੀ ਮਾਂ ਬੋਲੀ ਦੇ ਵਿਕਾਸ ਵਿਚ ਵਿਦੇਸ਼ੀ ਰਹਿੰਦਿਆ ਆਪਣਾ ਯੋਗਦਾਨ ਪਾਉਣ ਵਾਸਤੇ ਅਜਿਹੇ ਕਾਰਜ ਕਰ ਰਹੇ ਹਨ। ਅੱਜ ਲੋੜ ਹੈ ਅਜਿਹੇ ਅਦਾਰੇ ਚਲਾਉਣ ਲਈ ਕਮਿਊਨਿਟੀ ਸਾਰਿਆਂ ਦੀ ਮੌਕੇ-ਮੌਕੇ ਇਸ਼ਤਿਹਾਰੀ ਸਹਿਯੋਗ ਨਾਲ ਸਹਾਇਤਾ ਕਰੇ।
ਨਿਊਜ਼ੀਲੈਂਡ ਦੇ ਰਾਸ਼ਟਰੀ ਪ੍ਰਿੰਟ ਅਖਬਾਰ ਕਾਫੀ ਸਮੇਂ ਤੋਂ ਘੱਟਦੇ ਚਲੇ ਜਾ ਰਹੇ ਹਨ। ਇਹ ਹੁਣ ਆਨ ਲਾਈਨ ਐਡੀਸ਼ਨ ਪੜ੍ਹਾਉਣ ਵਾਸਤੇ ਹਫਤੇ ਦੇ ਢਾਈ ਡਾਲਰ ਚੰਦਾ ਮੰਗਦੇ ਵੇਖੇ ਗਏ ਅਤੇ ਇਸ ਵੇਲੇ ਕੁਝ ਸਮੇਂ ਤੱਕ ਇਕ ਡਾਲਰ ਤੱਕ ਮੰਗ ਰਹੇ ਹਨ। ਇਸ ਗੱਲ ਦਾ ਵੀ ਵਾਸਤਾ ਪਾ ਰਹੇ ਹਨ ਕਿ ਜੇਕਰ ਤੁਸੀਂ ਸੱਚੀ ਪੱਤਰਕਾਰਤਾ ਨੂੰ ਪਿਆਰ ਕਰਦੇ ਹੋ ਤਾਂ ਸਹਿਯੋਗ ਦਿਓ। ਜੇਕਰ ਰਾਸ਼ਟਰੀ ਅਖਬਾਰਾਂ ਦਾ ਇਹ ਹਾਲ ਹੋ ਗਿਆ ਹੈ ਤਾਂ ਵਿਦੇਸ਼ਾਂ ਦੇ ਵਿਚ ਜੇਕਰ ਕੋਈ ਪੰਜਾਬੀ ਮੀਡੀਆ ਅਦਾਰਾ ਚਲਾ ਰਿਹਾ ਹੈ ਤਾਂ ਉਨ੍ਹਾਂ ਦਾ ਸਹਿਯੋਗ ਕਰਨਾ ਬਣਦਾ ਹੈ। 24 ਘੰਟੇ ਰੇਡੀਓ, ਅਖਬਾਰਾਂ, ਟੀ.ਵੀ. ਪ੍ਰੋਗਰਾਮਾਂ ਲਈ ਬੁਲਾਰੇ, ਐਡੀਟਿੰਗ, ਸਮਾਂ, ਸਟਾਫ ਅਤੇ ਹੋਰ ਕੁਝ ਆਧੁਨਿਕਤਾ ਬਣਾਈ ਰੱਖਣ ਲਈ ਕਰਨਾ ਪੈਂਦਾ ਹੈ।
ਸੱਚ ਜਾਣਿਓ ਆਉਣ ਵਾਲੇ ਸਮੇਂ ਵਿਚ ਪੰਜਾਬੀ ਲਿਖਣ, ਟਾਈਪ ਕਰਨ ਵਾਲੇ, ਪਰੂਫ ਰੀਡਿੰਗ ਕਰਨ ਵਾਲੇ, ਸਟੈਨੋ, ਟਾਈਪਿਸਟ ਅਤੇ ਡਿਕਟੇਸ਼ਨ ਲੈਣ ਵਾਲੇ ਨਹੀਂ ਲੱਭਣੇ। ਸੋ ਪੰਜਾਬੀਓ ਜਿੱਥੇ ਤੁਸੀਂ ਵੱਖ-ਵੱਖ ਕਾਰਜਾਂ ਵਿਚ ਵੱਡੇ ਸਹਿਯੋਗ ਕਰਦੇ ਹੋ ਤਾਂ ਆਪਣੇ-ਆਪਣੇ ਦੇਸ਼ ਅੰਦਰ ਚੱਲਦੇ ਪੰਜਾਬੀ ਅਖਬਾਰਾਂ ਨਾਲ ਸਾਂਝ ਬਣਾਈ ਰੱਖੋ ਅਤੇ ਸਹਾਇਤਾ ਵੀ ਕਰੋ ਤਾਂ ਕਿ ਅਖਬਾਰਾਂ ਚੱਲਦੀਆਂ ਰਹਿਣ।


Share