ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੇ ਵਿਸ਼ੇਸ਼ ਸਮਾਗਮ ਦੌਰਾਨ ਦੋ ਪੁਸਤਕਾਂ ਲੋਕ ਅਰਪਣ

298
Share

ਫਰਿਜ਼ਨੋ, 24 ਅਗਸਤ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਕੈਲੀਫੋਰਨੀਆਂ ਦੀ ਸ਼ੈਟਰਲ ਵੈਲੀ ਦੇ ਸ਼ਹਿਰ ਫਰਿਜ਼ਨੋ ’ਚ ‘ਵਿਸ਼ਵ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ’ ਵੱਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆਂ ਗਿਆ, ਜਿਸ ਦੀ ਸੁਰੂਆਤ ਕਵੀ ਹਰਜਿੰਦਰ ਕੰਗ ਨੇ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਕੀਤੀ। ਇਸ ਉਪਰੰਤ ਲੇਖਕ ਸੰਤੋਖ ਸਿੰਘ ਮਿਨਹਾਸ ਨੇ ਪੁਸਤਕਾਂ ਸੰਬੰਧੀ ਪਰਚਾ ਪੜ੍ਹਿਆ। ਪ੍ਰਸਿੱਧ ਕਹਾਣੀਕਾਰ ਕਰਮ ਸਿੰਘ ਮਾਨ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਇਸ ਬਾਅਦ ਦੋ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਗਈਆਂ, ਜਿਨ੍ਹਾਂ ਵਿਚ ਇਕ ਪੁਸਤਕ ਪੰਜਾਬੀ ਪੱਤਰਕਾਰੀ ਵਿਚ ਬਤੌਰ ਸੰਪਾਦਕ ਸੇਵਾਵਾਂ ਨਿਭਾ ਚੁੱਕੇ ਅਤੇ ਟੀ.ਵੀ. ਦੀ ਮਾਧਿਅਮ ਰਾਹੀਂ ਵੱਖ-ਵੱਖ ਵਿਸ਼ਿਆਂ ’ਤੇ ਕੰਮ ਕਰ ਚੁੱਕੀ ਜਾਣੀ-ਪਹਿਚਾਣੀ ਸ਼ਖ਼ਸੀਅਤ ਦਮਦਮੀ ਸਿੱਧੂ, ਜਿਨ੍ਹਾਂ ਦਾ ਅਸਲ ਨਾਂ ਗੁਰਮੇਲ ਸਿੰਘ ਸਿੱਧੂ ਹੈ, ਉਨ੍ਹਾਂ ਦੀ ਪੱਤਰਕਾਰੀ ਦੌਰਾਨ ਹੋਈਆ ਘਟਨਾਵਾਂ ਅਤੇ ਖਬਰਾਂ ’ਤੇ ਆਧਾਰਿਤ ਪੁਸਤਕ ‘‘ਖ਼ਬਰ ਖਤਮ’’ ਲੋਕ ਅਰਪਣ ਕੀਤੀ ਗਈ, ਜਦਕਿ ਦੂਸਰੀ ਪੁਸਤਕ ਪਾਕਿਸਤਾਨ ਤੋਂ ਅਮਰੀਕਾ ਵਸਦੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਕਵੀ, ਗਾਇਕ ਅਤੇ ਲੇਖਕ ਅਸ਼ਰਫ ਗਿੱਲ ਦੀ ਪੁਸਤਕ ‘‘ਮੇਰੇ ਭਾਰਤੀ ਸਫ਼ਰਨਾਮੇ’’ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈ ਗਈ। ਇਸ ਪੁਸਤਕ ਵਿਚ ਅਸ਼ਰਫ ਗਿੱਲ ਨੇ ਜਿੱਥੇ ਭਾਰਤ ਦੀ ਯਾਤਰਾ ਦਾ ਬਿਰਤਾਂਤ ਬਾਖ਼ੂਬੀ ਬਿਆਨ ਕੀਤਾ, ਉੱਥੇ ਪੰਜਾਬੀ ਦੇ ਬਹੁਤ ਵੱਡੇ ਲੇਖਕਾਂ ਦੇ ਅਸਲ ਚਿਹਰੇ ਅਤੇ ਵਰਤਾਅ ਨੂੰ ਨੰਗਿਆਂ ਕੀਤਾ ਹੈ। ਦੋਨੋਂ ਪੁਸਤਕਾਂ ਪੜ੍ਹਨਯੋਗ ਹਨ।
ਇਸ ਸਮਾਗਮ ਦੇ ਅੰਤਮ ਪੜਾਅ ਵਿਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਸਥਾਨਕ ਨਾਮਵਰ ਕਵੀਆਂ ਵਿਚ ਹਰਜਿੰਦਰ ਕੰਗ, ਸੰਤੋਖ ਮਿਨਹਾਸ, ਡਾ. ਅਰਜੁਨ ਜੋਸ਼ਨ, ਦਲਜੀਤ ਰਿਆੜ, ਹਰਜਿੰਦਰ ਢੇਸੀ, ਗਾਇਕ ਅਵਤਾਰ ਗਰੇਵਾਲ, ਅੰਜੂ ਮੀਰਾਂ, ਜੱਗਾ ਗਿੱਲ, ਸੁੱਖੀ ਧਾਲੀਵਾਲ, ਰਮਨ ਵਿਰਕ, ਪਵਿੱਤਰ ਮਾਟੀ, ਅਸ਼ਰਫ ਗਿੱਲ ਆਦਿਕ ਨੇ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ। ਅੰਤ ਆਪਣੀ ਅਮਿੱਟ ਪੈੜਾਂ ਛੱਡਦਾ ਪੰਜਾਬੀ ਮਾਂ ਬੋਲੀ ਦੇ ਮੋਹ ਵਿਚ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।

Share