ਵਿਸ਼ਵ ਪੰਜਾਬਣ 1994 ਵਿੰਪੀ ਪਰਮਾਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

105
Share

ਹੁਸ਼ਿਆਰਪੁਰ, 30 ਮਾਰਚ (ਪੰਜਾਬ ਮੇਲ)- ਵਿਸ਼ਵ ਪੰਜਾਬਣ 1994 ਦੀ ਜੇਤੂ ਮੁਟਿਆਰ ਵਿੰਪੀ ਪਰਮਾਰ ਦੀ ਹੁਸ਼ਿਆਰਪੂਰ ਹਸਪਤਾਲ ਵਿਖੇ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੱਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਸ. ਜਸਮੇਰ ਸਿੰਘ ਢੱਟ ਨੇ ਦੱਸਿਆ ਕੇ ਬੀਬਾ ਪਰਮਾਰ ਪਿਛਲੇ ਦੋ ਮਹੀਨੇ ਤੋਂ ਬਿਮਾਰ ਚਲੇ ਆ ਰਹੇ ਸਨ, ਜਿਨ੍ਹਾਂ ਦਾ ਇਲਾਜ ਹੁਸ਼ਿਆਰਪੁਰ ਵਿਖੇ ਪਰਿਵਾਰ ਵਲੋਂ ਕਰਵਾਇਆ ਜਾ ਰਿਹਾ ਸੀ। ਪਟਿਆਲਾ ਵਿਖੇ ਉਨ੍ਹਾਂ ਦਾ ਦਾਹ ਸੰਸਕਾਰ ਕਰ ਦਿੱਤਾ ਗਿਆ। ਬੀਬਾ ਪਰਮਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਰਵਿਸ ਕਰਦੇ ਸਨ। ਉਹ ਆਪਣੇ ਪਿੱਛੇ ਆਪਣੇ ਪਤੀ ਤੋਂ ਇਲਾਵਾ ਦੋ ਬੇਟੀਆਂ ਛੱਡ ਗਏ ਹਨ।
ਸ. ਢੱਟ ਨੇ ਦੱਸਿਆ ਕੇ ਉਨ੍ਹਾਂ ਦੀ ਸੰਸਥਾ ਵਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਵਿਸ਼ਵ ਪੰਜਾਬਣ ਮੁਕਾਬਲਾ ਜਿੱਤਣ ਤੋਂ ਉਪਰੰਤ ਦੂਰਦਰਸ਼ਨ ਜਲੰਧਰ ’ਤੇ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਕਰਵਾਏ ਪ੍ਰੋਗਰਾਮ ’ਚ ਬੀਬਾ ਪਰਮਾਰ ਨੇ ਰਾਜ ਗਾਇਕ ਹੰਸ ਰਾਜ ਹੰਸ ਨਾਲ ਗੀਤ ‘‘ਤੇਰਾ ਕਲੇ ਕਲੇ ਤਾਰੇ ਉਤੇ ਨਾਮ ਲਿਖਿਆ’’ ’ਤੇ ਖੂਬਸੂਰਤ ਲੋਕ ਨਾਚ ਪੇਸ਼ ਕੀਤਾ ਸੀ। ਵਿੰਪੀ ਪਰਮਾਰ ਭਾਰਤ ਦੇ ਲੋਕ ਨਾਚਾਂ ਦੇ ਮਾਹਰ ਸਨ। ਉਨ੍ਹਾਂ ਪਾਸੋਂ ਲੋਕ-ਨਾਚਾਂ ਦੀ ਸਿੱਖਿਆ ਲੈ ਕੇ ਸੈਂਕੜੇ ਮੁਟਿਆਰਾਂ ਨਾਚ ਮੁਕਾਬਲਿਆਂ ’ਚ ਇਨਾਮ ਹਾਸਲ ਕਰ ਚੁੱਕੀਆਂ ਹਨ।

Share