ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ’ਚ ਨੀਰਜ ਚੋਪੜਾ ਦੀ ‘ਚਾਂਦੀ’

120

ਯੂਜੀਨ, 24 ਜੁਲਾਈ (ਪੰਜਾਬ ਮੇਲ)- ਓਲੰਪਿਕ ਚੈਂਪੀਅਨ ਨੀਰਜ ਚੋਪੜਾ ਭਾਵੇਂ ਸੋਨ ਤਗ਼ਮਾ ਜਿੱਤਣ ਤੋਂ ਖੁੰਝ ਗਿਆ ਪਰ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਉਹ ਵਿਸ਼ਵ ਚੈਂਪੀਅਨਸ਼ਿਵ ਵਿੱਚ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਅਤੇ ਪਹਿਲਾ ਭਾਰਤੀ ਪੁਰਸ਼ ਅਥਲੀਟ ਗਿਆ। ਜੈਵਲਿਨ ਥਰੋਅ ਸਟਾਰ ਚੋਪੜਾ ਨੇ 88.13 ਮੀਟਰ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। ਉਹ ਗ੍ਰੇਨਾਡਾ ਦੇ ਸਾਬਕਾ ਚੈਂਪੀਅਨ ਐਂਡਰਸਨ ਪੀਟਰਸ ਤੋਂ ਪਿੱਛੇ ਹੋ ਗਿਆ, ਜਿਸ ਨੇ 90. 54 ਮੀਟਰ ਥਰੋਅ ਨਾਲ ਸੋਨ ਤਮਗਾ ਜਿੱਤਿਆ।

2003 ਵਿੱਚ ਪੈਰਿਸ ਵਿੱਚ ਅੰਜੂ ਬੌਬੀ ਜਾਰਜ ਨੇ ਲੰਮੀ ਛਾਲ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ ਤੇ ਉਹ ਭਾਰਤ ਦਾ ਇੱਕੋ ਇੱਕ ਤਮਗਾ ਸੀ। ਚੋਪੜਾ ਨੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਭਾਰਤ ਦੇ 19 ਸਾਲਾਂ ਦੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ ਇਤਿਹਾਸ ਰਚਿਆ। ਫਾਊਲ ਨਾਲ ਸ਼ੁਰੂਆਤ ਕਰਨ ਵਾਲੇ ਚੋਪੜਾ ਨੇ ਦੂਜੀ ਕੋਸ਼ਿਸ਼ ‘ਚ 82.39, ਤੀਜੀ ਵਿੱਚ 86.37 ਅਤੇ ਚੌਥੀ ਵਿੱਚ 88. 13 ਮੀਟਰ ਥਰੋਅ ਕੀਤਾ, ਜੋ ਸੀਜ਼ਨ ਦਾ ਉਸ ਦਾ ਚੌਥਾ ਸਰਵੋਤਮ ਪ੍ਰਦਰਸ਼ਨ ਹੈ। ਉਸ ਦੀ ਪੰਜਵੀਂ ਅਤੇ ਛੇਵੀਂ ਕੋਸ਼ਿਸ਼ ਫਾਊਲ ਰਹੀ। ਕਾਂਸੀ ਦਾ ਤਗਮਾ ਚੈੱਕ ਗਣਰਾਜ ਦੇ ਯਾਕੂਬ ਵਾਲਦੇਸ਼ ਨੂੰ ਮਿਲਿਆ, ਜਿਸ ਨੇ 88. 09 ਮੀਟਰ ਥਰੋਅ ਕੀਤਾ। ਭਾਰਤ ਦੇ ਰੋਹਿਤ ਯਾਦਵ 78.72 ਮੀਟਰ ਦੇ ਸਰਵੋਤਮ ਥਰੋਅ ਨਾਲ 10ਵੇਂ ਸਥਾਨ ‘ਤੇ ਰਿਹਾ।