ਵਿਵਾਦਾਂ ’ਚ ਘਿਰੇ ਨਿਊਯਾਰਕ ਦੇ ਗਵਰਨਰ ਵੱਲੋਂ ਆਖਿਰਕਾਰ ਅਸਤੀਫਾ ਦੇਣ ਦਾ ਐਲਾਨ

302
ਨਿਊਯਾਰਕ ਮੇਅਰ ਐਂਡਰੀਊ ਕੂਮੋ
Share

ਸੈਕਰਾਮੈਂਟੋ, 11 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸੈਕਸ ਸ਼ੋਸ਼ਣ ਦੇ ਮਾਮਲੇ ’ਚ ਘਿਰੇ ਨਿਊਯਾਰਕ ਦੇ ਡੈਮੋਕਰੈਟਿਕ ਮੇਅਰ ਐਂਡਰੀਊ ਕੂਮੋ ਨੇ ਹੋ ਰਹੀ ਅਲੋਚਨਾ ਦੇ ਮੱਦੇਨਜ਼ਰ ਆਖਿਰਕਾਰ ਵਿਰੋਧੀਆਂ ਦੇ ਦਬਾਅ ਹੇਠ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਸੈਕਸ ਸ਼ੋਸ਼ਣ ਮਾਮਲੇ ਨੇ ਕੂਮੋ ਦਾ ਰਾਜਸੀ ਭਵਿੱਖ ਪੱਟੜੀ ਉਪਰੋਂ ਲਾਹ ਦਿੱਤਾ ਹੈ। ਕੋਰੋਨਾਵਾਇਰਸ ਮਹਾਮਾਰੀ ਦੌਰਾਨ ਕੂਮੋ ਦਾ ਕੱਦ ਕਾਠ ਜਿਸ ਤਰ੍ਹਾਂ ਰਾਸ਼ਟਰੀ ਪੱਧਰ ’ਤੇ ਉਚਾਈਆਂ ਛੋਹ ਗਿਆ ਸੀ, ਓਨੀ ਹੀ ਤੇਜ਼ੀ ਨਾਲ ਉਹ ਜ਼ਮੀਨ ਉਪਰ ਆ ਡਿੱਗਾ ਹੈ। ਕੂਮੋ ਨੇ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਸ ਦਾ ਇਹ ਫੈਸਲਾ 14 ਦਿਨਾਂ ਅੰਦਰ ਲਾਗੂ ਹੋ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ‘‘ਇਸ ਵੇਲੇ ਮੇਰੇ ਲਈ ਮਦਦ ਕਰਨ ਦਾ ਵਧੀਆ ਤਰੀਕਾ ਇਹ ਹੀ ਹੈ ਕਿ ਮੈ ਆਪਣਾ ਅਹੁਦਾ ਛੱਡ ਦੇਵਾਂ ਤੇ ਸਰਕਾਰ ਨੂੰ ਕੰਮ ਕਰਨ ਦੇਵਾਂ। ਇਸ ਲਈ ਮੈਂ ਆਪਣਾ ਅਸਤੀਫਾ ਦੇਣ ਦਾ ਐਲਾਨ ਕਰਦਾ ਹਾਂ।’’ ਕੂਮੋ ਦੀ ਜਗ੍ਹਾ ਲੈਫਟੀਨੈਂਟ ਗਵਰਨਰ ਕੈਥੀ ਹੋਚਲ ਨਿਊਯਾਰਕ ਦੇ ਗਵਰਨਰ ਵਜੋਂ ਸਹੁੰ ਚੁੱਕੇਗੀ। ਉਹ ਪਹਿਲੀ ਔਰਤ ਹੋਵੇਗੀ, ਜਿਸ ਨੂੰ ਨਿਊਯਾਰਕ ਦਾ ਗਵਰਨਰ ਬਣਨ ਦਾ ਮਾਣ ਪ੍ਰਾਪਤ ਹੋਵੇਗਾ। ਇਥੇ ਜ਼ਿਕਰਯੋਗ ਹੈ ਕਿ ਪਿਛਲੇ 5 ਮਹੀਨਿਆਂ ਤੋਂ 63 ਸਾਲਾ ਕੂਮੋ ਵਿਵਾਦਾਂ ’ਚ ਰਹੇ ਹਨ। ਰਾਜ ਦੀਆਂ ਬਹੁਤ ਸਾਰੀਆਂ ਮੌਜੂਦਾ ਤੇ ਸਾਬਕਾ ਔਰਤ ਮੁਲਾਜ਼ਮਾਂ ਨੇ ਜਨਤਕ ਤੌਰ ’ਤੇ ਉਸ ਉਪਰ ਅਣਉਚਿੱਤ ਵਿਵਹਾਰ ਕਰਨ ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਸਨ। ਇਸ ਤੋਂ ਇਲਾਵਾ ਉਸ ਦੇ ਪ੍ਰਸ਼ਾਸਨ ਉਪਰ ਕੋਵਿਡ-19 ਨਾਲ ਹੋਈਆਂ ਮੌਤਾਂ ਦੀ ਅਸਲ ਗਿਣਤੀ ਛੁਪਾਉਣ ਦੇ ਦੋਸ਼ ਵੀ ਲੱਗੇ ਸਨ।

Share