ਵਿਵਾਦਤ ਗੀਤ ਲਈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਮੁਆਫ਼ੀ ਮੰਗੀ

748
Share

ਅੰਮ੍ਰਿਤਸਰ, 5 ਮਾਰਚ (ਪੰਜਾਬ ਮੇਲ)- ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਅੱਜ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਇਆ ਅਤੇ ਵਿਵਾਦਤ ਗੀਤ ਲਈ ਮੁਆਫ਼ੀ ਮੰਗੀ। ਆਪਣੇ ਪਿਤਾ ਸਮੇਤ ਅਕਾਲ ਤਖ਼ਤ ਸਾਹਿਬ ਪਹੁੰਚੇ ਸਿੱਧੂ ਮੂਸਵਾਲਾ ਨੇ ਗਿਆਨੀ ਹਰਪ੍ਰੀਤ ਸਿੰਘ ਅੱਗੇ ਪੇਸ਼ ਹੋ ਕੇ ਆਪਣੇ ਉਸ ਵਿਵਾਦਤ ਗੀਤ ਲਈ ਮੁਆਫ਼ੀ ਮੰਗੀ, ਜਿਸ ਵਿੱਚ ਮਾਈ ਭਾਗੋ ਦਾ ਜ਼ਿਕਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਸਤੰਬਰ ਮਹੀਨੇ ਵਿੱਚ ਅਕਾਲ ਤਖ਼ਤ ਮੁਖੀ ਨੂੰ ਇੱਕ ਚਿੱਠੀ ਭੇਜੀ ਸੀ, ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਉਸ ਦਾ ਅਕਾਲ ਤਖ਼ਤ ਸਾਹਿਬ ਵਿੱਚ ਪੂਰਨ ਵਿਸ਼ਵਾਸ ਹੈ, ਪਰ ਉਸ ਕੋਲੋਂ ਅਣਜਾਣੇ ਵਿੱਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਦੇ ਲਈ ਉਹ ਮੁਆਫ਼ੀ ਮੰਗਦਾ ਹੈ ਅਤੇ ਇਹੋ ਜਿਹੀ ਗ਼ਲਤੀ ਦੁਬਾਰਾ ਨਹੀਂ ਕਰੇਗਾ। ਉਸ ਨੇ ਮਾਈ ਭਾਗੋ ਬਾਰੇ ਵਿਵਾਦਤ ਗੀਤ ਆਸਟਰੇਲੀਆ ਦੀ ਧਰਤੀ ‘ਤੇ ਗਾਇਆ ਸੀ। ਚਿੱਠੀ ਵਿੱਚ ਉਸ ਨੇ ਕਿਹਾ ਸੀ ਕਿ ਉਹ ਵਿਦੇਸ਼ੀ ਦੌਰੇ ਤੋਂ ਵਾਪਸ ਆ ਕੇ ਆਪਣੇ ਪਰਿਵਾਰ ਸਣੇ ਅਕਾਲ ਤਖ਼ਤ ਅੱਗੇ ਪੇਸ਼ ਹੋਵੇਗਾ। ਇਸ ‘ਤੇ ਅੱਜ ਉਹ ਆਪਣੇ ਪਿਤਾ ਨੂੰ ਨਾਲ ਲੈ ਕੇ ਅਕਾਲ ਤਖ਼ਤ ਪੁੱਜਾ ਅਤੇ ਵਿਵਾਦਤ ਗੀਤ ਲਈ ਮੁਆਫ਼ੀ ਮੰਗੀ। ਪਿਛਲੇ ਮਹੀਨੇ ਬੰਦੂਕ ਸੱਭਿਆਚਾਰ ਅਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੇ ਗੀਤ ‘ਪੰਜ ਗੋਲ਼ੀਆਂ’ ਗਾਉਣ ‘ਤੇ ਸਿੱਧੂ ਮੂਸੇਵਾਲਾ ਅਤੇ ਮਨਕਿਰਤ ਔਲਖ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਸ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦੇ ਅੱਗੇ ਪੇਸ਼ ਹੋ ਕੇ ਮੁਆਫ਼ੀ ਮੰਗੀ ਹੈ, ਉਹ ਜੋ ਵੀ ਸਜ਼ਾ ਜਾਂ ਡਿਊਟੀ ਲਾਉਣਗੇ, ਉਹ ਉਸ ਦੀ ਪਾਲਣਾ ਕਰੇਗਾ।


Share