ਵਿਵਾਦਤ ਖੇਤੀ ਕਾਨੂੰਨ: ਕੇਂਦਰ ਤੇ ਕਿਸਾਨ ਜਥੇਬੰਦੀਆਂ ‘ਚ ਪ੍ਰਸਤਾਵਿਤ 10ਵੇਂ ਦੌਰ ਦੀ ਗੱਲਬਾਤ ਹੁਣ 20 ਜਨਵਰੀ ਨੂੰ

232
Share

ਨਵੀਂ ਦਿੱਲੀ, 19 ਜਨਵਰੀ (ਪੰਜਾਬ ਮੇਲ)-ਵਿਵਾਦਤ ਖੇਤੀ ਕਾਨੂੰਨਾਂ ‘ਤੇ ਕੇਂਦਰ ਤੇ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ‘ਚ ਪ੍ਰਸਤਾਵਿਤ 10ਵੇਂ ਦੌਰ ਦੀ ਗੱਲਬਾਤ ਇਕ ਦਿਨ ਲਈ ਅੱਗੇ ਪਾ ਦਿੱਤੀ ਗਈ ਹੈ, ਹੁਣ ਇਹ ਗੱਲਬਾਤ ਬੁੱਧਵਾਰ 20 ਜਨਵਰੀ ਨੂੰ ਦਿੱਲੀ ਦੇ ਵਿਗਿਆਨ ਭਵਨ ‘ਚ ਹੋਵੇਗੀ। ਇਸ ਸਬੰਧੀ ਖੇਤੀਬਾੜੀ ਮੰਤਰਾਲੇ ਨੇ ਕਿਹਾ ਹੈ ਕਿ ਸਰਕਾਰ ਦੇ ਮੰਤਰੀਆਂ ਤੇ ਕਿਸਾਨ ਜਥੇਬੰਦੀਆਂ ‘ਚ ਮੀਟਿੰਗ 19 ਜਨਵਰੀ ਦੀ ਬਜਾਏ ਹੁਣ 20 ਜਨਵਰੀ ਨੂੰ ਵਿਗਿਆਨ ਭਵਨ ‘ਚ ਦੁਪਹਿਰ 2 ਵਜੇ ਹੋਵੇਗੀ। ਇਸ ਤੋਂ ਇਲਾਵਾ ਖੇਤੀ ਕਾਨੂੰਨਾਂ ‘ਤੇ ਅੜਿੱਕਾ ਖਤਮ ਕਰਨ ਲਈ ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਵਲੋਂ ਆਪਣੀ ਪਹਿਲੀ ਮੀਟਿੰਗ ਮੰਗਲਵਾਰ 19 ਜਨਵਰੀ ਨੂੰ ਹੋ ਰਹੀ ਹੈ। ਮੀਟਿੰਗ ਤੋਂ ਪਹਿਲਾਂ ਕੇਂਦਰ ਨੇ ਕਿਹਾ ਹੈ ਕਿ ਦੋਵੇਂ ਧਿਰਾਂ ਮਾਮਲੇ ਦਾ ਜਲਦ ਹੱਲ ਚਾਹੁੰਦੀਆਂ ਹਨ, ਪਰ ਇਸ ‘ਚ ਕੁਝ ਹੋਰ ਵਿਚਾਰਧਾਰਾ ਵਾਲੇ ਲੋਕਾਂ ਦੇ ਸ਼ਾਮਿਲ ਹੋਣ ਨਾਲ ਮਸਲੇ ਦੇ ਹੱਲ ‘ਚ ਦੇਰੀ ਹੋ ਰਹੀ ਹੈ। ਖੇਤੀ ਕਾਨੂੰਨਾਂ ਨੂੰ ਕਿਸਾਨ ਭਾਈਚਾਰੇ ਦੇ ਹਿੱਤਾਂ ‘ਚ ਕਰਾਰ ਦਿੰਦੇ ਹੋਏ ਸਰਕਾਰ ਨੇ ਕਿਹਾ ਹੈ ਕਿ ਰੁਕਾਵਟਾਂ ਉਸ ਵੇਲੇ ਆਉਂਦੀਆਂ ਹਨ ਜਦੋਂ ਚੰਗੇ ਕਦਮ ਚੁੱਕੇ ਜਾਂਦੇ ਹਨ, ਪਰ ਦੇਰੀ ਇਸ ਕਰਕੇ ਹੋ ਰਹੀ ਹੈ ਕਿਉਂਕਿ ਕਿਸਾਨ ਆਗੂ ਆਪਣੇ ਤਰੀਕੇ ਨਾਲ ਹੱਲ ਚਾਹੁੰਦੇ ਹਨ। ਇਸੇ ਦੌਰਾਨ 10ਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਆਸਾਮ, ਕਰਨਾਟਕ, ਛੱਤੀਸਗੜ੍ਹ ਤੇ ਓਡੀਸ਼ਾ ਤੋਂ 270 ਕਿਸਾਨ ਉਪਜ ਸੰਗਠਨਾਂ ਦੇ ਪ੍ਰਤੀਨਿਧਾਂ ਨੇ ਖੇਤੀ ਰਾਜ ਮੰਤਰੀ ਪ੍ਰਸ਼ੋਤਮ ਰੁਪਾਲਾ ਨਾਲ ਮੁਲਾਕਾਤ ਕੀਤੀ ਤੇ ਅਪੀਲ ਕੀਤੀ ਕਿ ਖੇਤੀ ਕਾਨੂੰਨ ਵਾਪਸ ਨਾ ਲਏ ਜਾਣ। ਇਸ ਮੌਕੇ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਵੀ ਹਾਜ਼ਰ ਸਨ।
ਕਿਸਾਨਾਂ ਨੂੰ ਟਰੈਕਟਰ ਰੈਲੀ ਵਾਪਸ ਲੈਣ ਦੀ ਅਪੀਲ
ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਉਮੀਦ ਜਤਾਈ ਹੈ ਕਿ 10ਵੇਂ ਦੌਰ ਦੀ ਗੱਲਬਾਤ ਦੌਰਾਨ ਅੰਦੋਲਨਕਾਰੀ ਕਿਸਾਨ ਕਾਨੂੰਨ ਵਾਪਸ ਲੈਣ ਦੀ ਮੰਗ ਛੱਡ ਕੇ ਹੋਰ ਬਦਲਾਂ ‘ਤੇ ਚਰਚਾ ਕਰਨਗੇ। ਇਸ ਦੇ ਨਾਲ ਹੀ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਟਰੈਕਟਰ ਰੈਲੀ ਵਾਪਸ ਲੈਣ ਦੀ ਅਪੀਲ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੋਮਰ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੀਟਿੰਗ ਦੌਰਾਨ ਕਿਸਾਨ ਆਗੂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਤਿਆਗ ਕੇ ਹੋਰ ਬਦਲਾਂ ‘ਤੇ ਚਰਚਾ ਕਰਨਗੇ।


Share