ਵਿਰੋਧ ਉਪਰੰਤ ਜਲ੍ਹਿਆਂਵਾਲਾ ਬਾਗ਼ ਦੀ ਨਵੀਂ ਗੈਲਰੀ ‘ਚੋਂ ਹਟਾਈਆਂ ਇਤਰਾਜ਼ਯੋਗ ਪੇਂਟਿੰਗਾਂ

761
ਜਲ੍ਹਿਆਂਵਾਲਾ ਬਾਗ ਦੀ ਗੈਲਰੀ 'ਚ ਲਗਾਈ ਗਈ ਬੁੱਧਾ ਸਤੂਪ ਦੀ ਕਲਾਕ੍ਰਿਤੀ।
Share

ਅੰਮ੍ਰਿਤਸਰ, 22 ਜੁਲਾਈ (ਪੰਜਾਬ ਮੇਲ)-ਕੇਂਦਰ ਸਰਕਾਰ ਵਲੋਂ 20 ਕਰੋੜ ਰੁਪਏ ਦੀ ਲਾਗਤ ਨਾਲ ਸਥਾਨਕ ਜਲ੍ਹਿਆਂਵਾਲਾ ਬਾਗ਼ ਦੀ ਕਰਵਾਈ ਜਾ ਰਹੀ ਨਵਉਸਾਰੀ ਤੇ ਸੁੰਦਰੀਕਰਨ ਦੀ ਕਾਰਵਾਈ ਦੇ ਚੱਲਦਿਆਂ ਸਮਾਰਕ ‘ਚ ਸਥਾਪਿਤ ਕੀਤੀਆਂ ਨਵੀਆਂ ਗੈਲਰੀਆਂ ‘ਚ ਲਗਾਈਆਂ ਅਰਧ-ਨਗਨ ਔਰਤਾਂ ਦੀਆਂ ਪੇਂਟਿੰਗ ਵਿਵਾਦ ਉਠਣ ਤੋਂ ਬਾਅਦ ਹਟਾਂ ਦਿੱਤੀਆਂ ਗਈਆਂ ਹਨ। ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਤੇ ਸ਼ਹੀਦ ਪਰਿਵਾਰ ਸਮਿਤੀ ਸਮੇਤ ਕੁਝ ਹੋਰਨਾਂ ਜਥੇਬੰਦੀਆਂ ਨੇ ਅਜੰਤਾ-ਅਲੋਰਾ ਦੀਆਂ ਗੁਫ਼ਾਫਾਂ ‘ਚ ਬਣੀਆਂ ਮੂਰਤੀਆਂ ਨਾਲ ਮਿਲਦੀਆਂ-ਜੁਲਦੀਆਂ ਉਕਤ ਪੇਂਟਿੰਗ ਨੂੰ ਸ਼ਹੀਦੀ ਸਮਾਰਕ ਦੀ ਗੈਲਰੀ ‘ਚ ਲਗਾਏ ਜਾਣ ਦਾ ਵਿਰੋਧ ਕਰਦਿਆਂ ਇਸ ਨੂੰ ਸ਼ਹੀਦਾਂ ਤੇ ਸ਼ਹੀਦੀ ਸਮਾਰਕ ਦੀ ਬੇਅਦਬੀ ਦੱਸਿਆ ਸੀ। ਇਸ ਦੇ ਨਾਲ ਇਸ ਕਾਰਵਾਈ ਲਈ ਜਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਟਰੱਸਟੀ ਸ਼ਵੇਤ ਮਲਿਕ ਦੇ ਅਸਤੀਫ਼ੇ ਦੀ ਵੀ ਮੰਗ ਕੀਤੀ ਸੀ, ਕਿਉਂਕਿ ਉਨ੍ਹਾਂ ਜਲ੍ਹਿਆਂਵਾਲਾ ਬਾਗ਼ ‘ਚ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਉਪਰੰਤ ਮੀਡੀਆ ਨੂੰ ਦੱਸਿਆ ਸੀ ਕਿ ਇਹ ਸਭ ਕਾਰਜ ਉਨ੍ਹਾਂ ਦੀ ਦੇਖ-ਰੇਖ ‘ਚ ਕਰਵਾਏ ਗਏ ਹਨ। ਉਕਤ ਵਿਵਾਦ ਦੌਰਾਨ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੇ ਚੱਲਦਿਆਂ ਬਾਗ਼ ਸਮਾਰਕ ‘ਚ ਸਰਕਾਰੀ ਅਮਲੇ ਨਾਲ ਪਹੁੰਚੇ ਐੱਸ.ਡੀ.ਐੱਮ. ਵਿਕਾਸ ਹੀਰਾ ਨੇ ਦੱਸਿਆ ਕਿ ਉਹ ਆਮ ਜਾਂਚ ਲਈ ਜਲ੍ਹਿਆਂਵਾਲਾ ਬਾਗ਼ ਪਹੁੰਚੇ ਹਨ ਤੇ ਉਨ੍ਹਾਂ ਦੇ ਧਿਆਨ ‘ਚ ਲਿਆਂਦੇ ਗਏ ਉਕਤ ਪੇਂਟਿੰਗ ਦੇ ਮਾਮਲੇ ਬਾਰੇ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਐੱਸ.ਡੀ.ਐੱਮ. ਦੇ ਬਾਗ਼ ਸਮਾਰਕ ‘ਚੋਂ ਜਾਣ ਉਪਰੰਤ ਉਕਤ ਵਿਵਾਦਗ੍ਰਸਤ ਪੇਂਟਿੰਗ ਉਤਾਰ ਦਿੱਤੀਆਂ ਗਈਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਗੈਲਰੀ ‘ਚੋਂ ਉਤਾਰੀਆਂ ਗਈਆਂ ਉਕਤ ਪੇਂਟਿੰਗ ਦੇ ਬਾਅਦ ਨਵੀਂਆਂ ਪੇਂਟਿੰਗ ਲਗਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ ਮਲਿਕ ਨੇ ਵੀ ਕਿਹਾ ਹੈ ਕਿ ਉਹ ਜਲਦੀ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਉਣਗੇ।


Share