ਵਿਪਸਾ ਵੱਲੋਂ ਪਲੇਠੀ ਕਾਰਜਕਾਰਨੀ ਮੀਟਿੰਗ ’ਚ ਅਹਿਮ ਫ਼ੈਸਲੇ

432
ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਦੀ ਕਾਰਜਕਾਰਨੀ ਦੀ ‘ਜ਼ੂਮ’ ਰਾਹੀਂ ਆਯੋਜਿਤ ਕੀਤੀ ਪਲੇਠੀ ਮੀਟਿੰਗ ਦੌਰਾਨ ਹਾਜ਼ਰ ਮੈਂਬਰ।
Share

ਸੈਨਹੋਜ਼ੇ, 10 ਫਰਵਰੀ (ਚਰਨਜੀਤ ਸਿੰਘ ਪੰਨੂ/ਪੰਜਾਬ ਮੇਲ)- ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਦੀ ਕਾਰਜਕਾਰਨੀ ਦੀ ਪਲੇਠੀ ਮੀਟਿੰਗ ਨਵੇਂ ਪ੍ਰਧਾਨ ਡਾ. ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਬੀਤੀ 31 ਜਨਵਰੀ, 2021 ਨੂੰ ‘ਜ਼ੂਮ’ ਲਿੰਕ ਰਾਹੀਂ ਆਯੋਜਿਤ ਕੀਤੀ ਗਈ। ਸਵਾਗਤੀ ਭਾਸ਼ਣ ਤੋਂ ਬਾਅਦ ਉਨ੍ਹਾਂ ਕਾਰਜਕਾਰਨੀ ਦੀ ਜਾਣ-ਪਛਾਣ ਕਰਵਾਉਂਦੇ ਹੋਏ, ਅਮਰਜੀਤ ਪੰਨੂ ਨੂੰ ਮੀਤ ਪ੍ਰਧਾਨ, ਕੁਲਵਿੰਦਰ ਪਲਾਹੀ -ਜਨਰਲ ਸਕੱਤਰ, ਲਾਜ ਨੀਲਮ ਸੈਣੀ-ਸਹਾਇਕ ਸਕੱਤਰ, ਗੁਲਸ਼ਨ ਦਿਆਲ ਸਾਹਿਤਕ ਸਕੱਤਰ, ਤਾਰਾ ਸਿੰਘ ਸਾਗਰ-ਖ਼ਜ਼ਾਨਚੀ, ਜਗਜੀਤ ਨੌਸ਼ਹਿਰਵੀ-ਆਰਗੇਨਾਈਜ਼ਰ, ਚਰਨਜੀਤ ਸਿੰਘ ਪੰਨੂ ਨੂੰ ਪਬਲਿਕ ਰਿਲੇਸ਼ਨ ਅਫ਼ਸਰ ਐਲਾਨਿਆ। ਇਸ ਤੋਂ ਇਲਾਵਾ ਸੁਖਦੇਵ ਸਾਹਿਲ ਰੰਗ-ਮੰਚ ਕੋਆਰਡੀਨੇਟਰ ਤੇ ਓਮ ਕਮਲ ਨੂੰ ਮੀਡੀਆ ਸਕੱਤਰ ਦੇ ਵਿਸ਼ੇਸ਼ ਅਹੁਦਿਆਂ ’ਤੇ ਨਿਯੁਕਤ ਕੀਤਾ। ਇਸ ਮੀਟਿੰਗ ’ਚ ਮਤਾ ਪਾਸ ਕਰ ਕੇ ਭਾਰਤ ਸਰਕਾਰ ਦੀ 26 ਜਨਵਰੀ ਨੂੰ ਕਿਸਾਨ ਸੰਘਰਸ਼ ਨੂੰ ਢਾਹ ਲਾਉਣ ਵਾਲੀ ਕੋਝੀ ਹਰਕਤ ਦੀ ਨਿਖੇਧੀ ਕੀਤੀ ਗਈ। ਵਿਪਸਾ ਕਿਸਾਨਾਂ ਦੇ ਹੱਕੀ ਸੰਘਰਸ਼ ਦਾ ਸਮਰਥਨ ਕਰਦੀ ਹੈ ਤੇ ਇਸ ਸੰਘਰਸ਼ ਨੂੰ ਕਿਸੇ ਇਕ ਧਰਮ ਜਾਂ ਨਸਲ ਨਾਲ ਨਹੀਂ ਜੋੜਿਆ ਜਾ ਸਕਦਾ। ਇਸ ਦਾ ਮਕਸਦ ਕਿਸਾਨਾਂ ਨਾਲ ਸੰਬੰਧਿਤ ‘ਤਿੰਨ ਨਵੇਂ ਕਾਨੂੰਨ’ ਰੱਦ ਕਰਵਾਉਣਾ ਹੈ। ਇਸ ਸੰਘਰਸ਼ ਦੌਰਾਨ ਅਮਰਜੀਤ ਪੰਨੂ ਦੇ ਚਚੇਰੇ ਭਰਾ ਕਿਸਾਨ ਆਗੂ ਕੁਲਵੰਤ ਸਿੰਘ ਪੰਨੂ ਸਮੇਤ ਸ਼ਹੀਦ ਹੋਏ ਸਾਰੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਾਰਜਕਾਰਨੀ ਦੇ ਸਮੂਹ ਮੈਂਬਰਾਂ ਨੇ ਵਿਪਸਾ ਦੀਆਂ ਅਗਲੇ ਦੋ ਸਾਲਾਂ ਦੀਆਂ ਸਾਹਿਤਕ ਗਤੀਵਿਧੀਆਂ ਬੜੇ ਉਤਸ਼ਾਹ ਨਾਲ ਉਲੀਕੀਆਂ ਗਈਆਂ। ਹਰ ਮੀਟਿੰਗ ’ਚ ਇਕ ਸ਼ਾਇਰ ਦੀਆਂ ਨਜ਼ਮਾਂ ’ਤੇ ਵਿਚਾਰ-ਵਟਾਂਦਰਾ ਹੋਇਆ ਕਰੇਗਾ। ਇਕ ਕਹਾਣੀ ਉੱਪਰ ਸੰਜੀਦਾ ਚਰਚਾ ਕੀਤੀ ਜਾਇਆ ਕਰੇਗੀ। ਕਵੀ ਦਰਬਾਰ ’ਚ ਨਵੀਆਂ ਰਚਨਾਵਾਂ ਪੜ੍ਹਨ ’ਤੇ ਜ਼ੋਰ ਦਿੱਤਾ ਜਾਵੇਗਾ। ਪਹਿਲਾਂ ਹੀ ਤਿਆਰੀ ਅਧੀਨ ‘ਕਹਾਣੀ ਸੰਗ੍ਰਹਿ’ ਨੇਪਰੇ ਚਾੜ੍ਹਿਆ ਜਾਵੇਗਾ, ਜਿਸ ਦੀ ਸੰਪਾਦਨਾ ਦੀ ਜ਼ਿੰਮੇਵਾਰੀ ਅਮਰਜੀਤ ਕੌਰ ਪੰਨੂ, ਲਾਜ ਨੀਲਮ ਸੈਣੀ ਅਤੇ ਸੁਰਜੀਤ ਕੈਨੇਡਾ ਦੀ ਹੋਵੇਗੀ। ਮੀਟਿੰਗ ਦੀ ਸਮੁੱਚੀ ਕਾਰਵਾਈ ਜਨਰਲ ਸਕੱਤਰ ਕੁਲਵਿੰਦਰ ਨੇ ਬਾਖ਼ੂਬੀ ਨਿਭਾਈ ਤੇ ਲਾਜ ਨੀਲਮ ਸੈਣੀ ਨੇ ਕਲਮਬੱਧ ਕੀਤੀ।

Share