ਵਿਧਾਨ ਸਭਾ ਹਲਕਾ ਦੀਨਾਨਗਰ ’ਚ ਹੰਸ ਰਾਜ ਹੰਸ ਦਾ ਕਿਸਾਨਾਂ ਵੱਲੋਂ ਵਿਰੋਧ

189
Share

ਭਾਜਪਾ ਉਮੀਦਵਾਰ ਦੇ ਪ੍ਰਚਾਰ ਲਈ ਪਹੁੰਚੇ ਸਨ ਲੋਕ ਸਭਾ ਮੈਂਬਰ ਹੰਸ ਰਾਜ ਹੰਸ
-ਪੁਲਿਸ ਨੇ ਦਖ਼ਲ ਦੇ ਕੇ ਕਿਸਾਨਾਂ ਤੇ ਭਾਜਪਾ ਕਾਰਕੁਨਾਂ ਦਾ ਟਕਰਾਅ ਟਾਲਿਆ
ਗੁਰਦਾਸਪੁਰ, 12 ਫਰਵਰੀ (ਪੰਜਾਬ ਮੇਲ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਕਸਬਾ ਪੁਰਾਣਾ ਸ਼ਾਲਾ ਵਿਚ ਸ਼ਨਿੱਚਰਵਾਰ ਨੂੰ ਭਾਜਪਾ ਉਮੀਦਵਾਰ ਰੇਣੂ ਕਸ਼ਯਪ ਦੇ ਚੋਣ ਪ੍ਰਚਾਰ ਲਈ ਪਹੁੰਚੇ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਅਤੇ ਸੀਨੀਅਰ ਭਾਜਪਾ ਆਗੂਆਂ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਮੀਟਿੰਗ ਵਾਲੀ ਥਾਂ ’ਤੇ ਕਿਸਾਨ ਆਗੂਆਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਭਾਜਪਾ ਵਰਕਰ ਵੀ ਕਿਸਾਨਾਂ ਦੇ ਸਾਹਮਣੇ ਆ ਗਏ ਤੇ ਨੌਬਤ ਹੱਥੋਪਾਈ ਤੱਕ ਪਹੁੰਚ ਗਈ। ਪੁਲਿਸ ਅਤੇ ਸੁਰੱਖਿਆ ਬਲਾਂ ਨੇ ਦਖ਼ਲ ਦੇ ਕੇ ਟਕਰਾਅ ਟਾਲਿਆ। ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਕਮੇਟੀ ਬੀਬੀ ਦਵਿੰਦਰ ਕੌਰ, ਡਾ. ਦਲਜੀਤ ਸਿੰਘ ਤੇ ਸੁਖਵਿੰਦਰ ਸਿੰਘ ਗੋਹਤ ਪੋਖਰ ਨੇ ਕਿਹਾ ਕਿ ਭਾਜਪਾ ਕਿਸਾਨ ਅਤੇ ਆਮ ਲੋਕਾਂ ਦੀ ਵਿਰੋਧੀ ਹੈ। ਇਸ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਭਾਜਪਾ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਦੂਜੇ ਪਾਸੇ ਭਾਜਪਾ ਆਗੂ ਮੁਲਖਰਾਜ, ਜੋਗਿੰਦਰ ਸਿੰਘ, ਛੀਨਾ ਅਤੇ ਹੋਰਨਾਂ ਨੇ ਕਿਹਾ ਕਿ ਇਹ ਵਿਰੋਧ ਕਿਸਾਨਾਂ ਵੱਲੋਂ ਨਹੀਂ ਸਗੋਂ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਅਨਸਰਾਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਜਿਹੇ ਅਨਸਰਾਂ ਤੋਂ ਡਰਦੇ ਹੋਏ ਆਪਣਾ ਚੋਣ ਪ੍ਰਚਾਰ ਨਹੀਂ ਰੋਕੇਗੀ। ਇਸ ਮੌਕੇ ਪੁਲਿਸ ਨੇ ਕਾਫੀ ਮੁਸ਼ੱਕਤ ਨਾਲ ਹੰਸ ਰਾਜ ਹੰਸ ਅਤੇ ਹੋਰਨਾਂ ਭਾਜਪਾ ਆਗੂਆਂ ਨੂੰ ਪੁਰਾਣਾ ਸ਼ਾਲਾ ਤੋਂ ਬਾਹਰ ਕੱਢਿਆ।

Share