ਵਿਧਾਇਕ ਲਾਡੀ ਤੇ ਫਤਹਿਜੰਗ ਬਾਜਵਾ ਵੱਲੋਂ ਭਾਜਪਾ ’ਚ ਸ਼ਮੂਲੀਅਤ ਕਰਨ ਤੋਂ ਲੋਕ ਹੈਰਾਨ

175
ਵਿਧਾਇਕ ਬਲਵਿੰਦਰ ਸਿੰਘ ਲਾਡੀ ਤੇ ਫਤਹਿਜੰਗ ਸਿੰਘ ਬਾਜਵਾ
Share

-ਪਾਰਟੀ ਵਰਕਰਾਂ ਤੇ ਆਗੂਆਂ ’ਚ ਵੀ ਰੋਹ
ਬਟਾਲਾ, 29 ਦਸੰਬਰ (ਪੰਜਾਬ ਮੇਲ)- ਕਾਂਗਰਸ ਪਾਰਟੀ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਹਲਕਾ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਪਾਰਟੀ ਛੱਡ ਕੇ ਭਾਜਪਾ ਵਿੱਚ ਜਾਣ ’ਤੇ ਲੋਕ ਹੈਰਾਨ ਹਨ। ਇਨ੍ਹਾਂ ਹਲਕਿਆਂ ਦੇ ਪਾਰਟੀ ਵਰਕਰਾਂ ਅਤੇ ਆਗੂਆਂ ਵਿਚ ਰੋਹ ਦੇਖਣ ਨੂੰ ਮਿਲ ਰਿਹਾ ਹੈ। ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਲਾਡੀ ਦੇ ਪਾਰਟੀ ਛੱਡਣ ਬਾਰੇ ਟਕਸਾਲੀ ਵਰਕਰਾਂ ਨੇ ਕਿਹਾ ਕਿ ਕਾਂਗਰਸ ਨੇ ਉਸ ਨੂੰ ਆਮ ਵਰਕਰ ਤੋਂ ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਦਾ ਚੇਅਰਮੈਨ ਬਣਾਇਆ। ਸਾਲ 2012 ਵਿਚ ਰਾਖਵਾਂ ਹਲਕਾ ਬਣੇ ਸ੍ਰੀ ਹਰਗੋਬਿੰਦਪੁਰ ਤੋਂ ਟਿਕਟ ਦਿੱਤੀ ਪਰ ਸਫ਼ਲ ਨਾ ਹੋਏ। ਫਿਰ 2017 ਵਿਚ ਲਾਡੀ ਪਾਰਟੀ ਦੀ ਟਿਕਟ ’ਤੇ ਰਿਕਾਰਡ ਵੋਟਾਂ ਨਾਲ ਜਿੱਤਿਆ ਸੀ। ਸਰਕਾਰ ਵੱਲੋਂ ਉਨ੍ਹਾਂ ਦੇ ਹਲਕੇ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ, ਇਸ ਦੇ ਬਾਵਜੂਦ ਉਸ ਨੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਲਾਡੀ ਨੂੰ ਸਿਆਸਤ ਵਿਚ ਲਿਆਉਣ ਵਾਲੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਦੱਸਿਆ ਕਿ ਉਸ ਨੂੰ ਪਾਰਟੀ ਨੇ ਸਾਧਾਰਨ ਵਰਕਰ ਤੋਂ ਦੋ ਵਾਰ ਐੱਮ.ਐੱਲ.ਏ. ਦੀਆਂ ਟਿਕਟਾਂ ਨਾਲ ਨਿਵਾਜਿਆ ਪਰ ਹੁਣ ਚੋਣਾਂ ਮੌਕੇ ਪਾਰਟੀ ਨੂੰ ਛੱਡਣਾ ਹਲਕਾ ਵਾਸੀਆਂ ਨਾਲ ਬੇਇਨਸਾਫ਼ੀ ਹੈ। ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਪਾਰਟੀ ਤੋਂ ਟਿਕਟ ਦੇ ਦਾਅਵੇਦਾਰ ਮਨਦੀਪ ਸਿੰਘ ਰੰਗੜ ਨੰਗਲ ਨੇ ਕਿਹਾ ਕਿ ਲਾਡੀ ਨੇ ਪਾਰਟੀ ਨਾਲ ਬੇਵਫ਼ਾਈ ਕੀਤੀ ਹੈ। ਇਸੇ ਤਰ੍ਹਾਂ ਹਰਵਿੰਦਰਪਾਲ ਸਿੰਘ ਸ਼ਾਹਬਾਦ ਨੇ ਆਖਿਆ ਕਿ ਲਾਡੀ ਨੇ ਹਲਕੇ ਦੇ ਲੋਕਾਂ ਨਾਲ ਧ੍ਰੋਹ ਕੀਤਾ ਹੈ ਤੇ ਲੋਕ ਉਸ ਨੂੰ ਕਦੇ ਮੁਆਫ਼ ਨਹੀਂ ਕਰਨਗੇ।
ਹਲਕਾ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਬਾਜਵਾ ਦੇ ਭਾਜਪਾ ’ਚ ਜਾਣ ’ਤੇ ਲੋਕ ਹੈਰਾਨ ਹਨ। ਲੋਕਾਂ ਦਾ ਮੰਨਣਾ ਹੈ ਕਿ ਉਸ ਦੇ ਵੱਡੇ ਭਰਾ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿਵੇਂ ਬੀਤੇ ਦਿਨੀਂ ਕਾਦੀਆਂ ਤੋਂ ਟਿਕਟ ਦੀ ਦਾਅਵੇਦਾਰੀ ਠੋਕੀ ਗਈ ਸੀ, ਉਦੋਂ ਤੋਂ ਹੀ ਫਤਹਿਜੰਗ ਬਾਜਵਾ ਦੇ ਅਕਾਲੀ ਦਲ ਜਾਂ ਭਾਜਪਾ ’ਚ ਜਾਣ ਦੀਆਂ ਚਰਚਾਵਾਂ ਜ਼ੋਰਾਂ ’ਤੇ ਸਨ। ਜਾਣਕਾਰ ਦੱਸਦੇ ਹਨ ਕਿ ਬਾਜਵਾ ਹਲਕਾ ਬਟਾਲਾ ਤੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ। ਇਨ੍ਹਾਂ ਵਿਧਾਇਕਾਂ ਦੇ ਭਾਜਪਾ ’ਚ ਜਾਣ ਨਾਲ ਸਰਹੱਦੀ ਜ਼ਿਲ੍ਹੇ ਅੰਦਰ ਕਾਂਗਰਸ ਨੂੰ ਭਾਰੀ ਝਟਕਾ ਲੱਗਾ ਹੈ। ਇਸੇ ਮਹੀਨੇ ਦੇ ਸ਼ੁਰੂ ਵਿਚ ਗੁਰਦਾਸਪੁਰ ਤੋਂ ਟਕਸਾਲੀ ਕਾਂਗਰਸ ਰਮਨ ਬਹਿਲ ਦੇ ਪਾਰਟੀ ਨੂੰ ਛੱਡ ‘ਆਪ’ ਵਿਚ ਸ਼ਾਮਲ ਹੋਣ ’ਤੇ ਵੀ ਪਾਰਟੀ ਨੂੰ ਭਾਰੀ ਝਟਕਾ ਲੱਗਾ ਸੀ।

Share