ਨਵੀਂ ਦਿੱਲੀ, 21 ਮਾਰਚ (ਪੰਜਾਬ ਮੇਲ)- ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਸ ਸਮੇਂ ਪੂਰੀ ਦੁਨੀਆ ’ਚ ਬੇਹੱਦ ਗੰਭੀਰ ਹਾਲਾਤ ਬਣੇ ਹੋਏ ਹਨ। ਅਜਿਹੇ ਮੁਸ਼ਕਿਲ ਸਮੇਂ ’ਚ ਭਾਰਤ ਦੀ ਦਿੱਗਜ ਮਹਿਲਾ ਮੁੱਕੇਬਾਜ਼ ਅਤੇ ਰਾਜ ਸਭਾ ਮੈਂਬਰ ਮੈਰੀ ਕਾਮ ਦੀ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮੈਰੀ ਕਾਮ ਨੇ ਡਬਲੀਊ.ਐੱਚ.ਓ. ਦੀ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ 14 ਦਿਨ ਤੱਕ ਸੈਲਫ ਆਈਸੋਲੇਸ਼ਨ ’ਚ ਰਹਿਣ ਦੀ ਹਿਦਾਇਤ ਨੂੰ ਇਕ ਪਾਸੇ ਰੱਖ ਰਾਸ਼ਟਰਪਤੀ ਭਵਨ ’ਚ ਹੋਈ ਦਾਅਵਤ ’ਚ ਸ਼ਾਮਲ ਹੋਈ। ਮੈਰੀ ਕਾਮ 13 ਮਾਰਚ ਨੂੰ ਹੀ ਜਾਰਡਨ ਤੋਂ ਏਸ਼ੀਆ-ਓਸਨੀਆ ਓਲੰਪਿਕ ਕੁਆਲੀਫਾਇਰ ਖੇਡ ਕੇ ਪਰਤੀ ਅਤੇ 18 ਮਾਰਚ ਨੂੰ ਰਾਸ਼ਟਰਪਤੀ ਭਵਨ ’ਚ ਹੋਏ ਇਕ ਪ੍ਰੋਗਰਾਮ ’ਚ ਸ਼ਾਮਲ ਹੋਈ। ਮੈਰੀ ਕਾਮ ਨੇ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ ’ਤੇ ਸੈਲਫ ਆਈਸੋਲੇਸ਼ਨ ਦਾ ਪ੍ਰੋਟੋਕੋਲ ਤੋੜਿਆ ਹੈ।
ਦਰਅਸਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 18 ਮਾਰਚ ਨੂੰ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਆਉਣ ਵਾਲੇ ਸੰਸਦ ਮੈਂਬਰਾਂ ਨੂੰ ਨਾਸ਼ਤੇ ਦਾ ਸੱਦਾ ਦਿੱਤਾ ਸੀ। ਰਾਸ਼ਟਰਪਤੀ ਰਾਮਾਨਾਥ ਕੋਵਿੰਦ ਦੇ ਆਧਿਕਾਰਤ ਟਵੀਟਰ ਹੈਂਡਲ ਤੋਂ ਜੋ ਚਾਰ ਫੋਟੋਜ਼ ਟਵੀਟ ਕੀਤੀਆਂ ਗਈਆਂ ਹਨ ਉਨ੍ਹਾਂ ’ਚੋਂ ਇਕ ’ਚ ਮੈਰੀ ਕਾਮ ਵੀ ਹੈ। ਇਸ ਫੋਟੋ ਦੇ ਕੈਪਸ਼ਨ ’ਚ ਲਿਖਿਆ ਹੈ, ਰਾਸ਼ਟਰਪਤੀ ਕੋਵਿੰਦ ਨੇ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਸੰਸਦ ਮੈਂਬਰਾਂ ਲਈ ਰਾਸ਼ਟਰਪਤੀ ਭਵਨ ’ਚ ਬ੍ਰੇਕਫਾਸਟ ਦਾ ਆਯੋਜਨ ਕੀਤਾ ਸੀ।
ਭਾਰਤੀ ਟੀਮ ਦੇ ਮੁੱਕੇਬਾਜ਼ੀ ਕੋਚ ਸੈਂਟੀਆਗੋ ਨੀਵ ਨੇ ਸ਼ੁੱਕਰਵਾਰ ਨੂੰ ਹੀ ਕਿਹਾ ਸੀ ਕਿ ਭਾਰਤੀ ਟੀਮ ਦੇ ਖਿਡਾਰੀ ਜਾਰਡਨ ਤੋਂ ਵਾਪਸ ਆਉਣ ਤੋਂ ਬਾਅਦ 14 ਦਿਨਾਂ ਦੇ ਸੈਂਲਫ ਆਈਸੋਲੇਸ਼ਨ ’ਚ ਹਨ। ਨੀਵ ਨੇ ਕਿਹਾ ਸੀ,“ਅਸੀਂ 10 ਦਿਨਾਂ ਦੇ ਆਰਾਮ ਦੇ ਬਾਰੇ ’ਚ ਸੋਚਿਆ ਸੀ, ਪਰ ਹੁਣ ਇਹ 14 ਦਿਨ ਦਾ ਹੋ ਗਿਆ। ਇਸ ਲਈ 10 ਦਿਨ ਬਾਅਦ ਮੈਂ ਟ੍ਰੇਨਿੰਗ ਪ੍ਰੋਗਰਾਮ ਬਣਾਵਾਂਗਾ ਅਤੇ ਉਨ੍ਹਾਂ ਨੂੰ ਭੇਜਾਂਗਾ। ਇਸ ਪੀਰੀਅਡ ਤੋਂ ਬਾਅਦ ਉਹ, ਜੇਕਰ ਹਾਲਤ ਦੋ ਹਫ਼ਤਿਆਂ ’ਚ ਨਹੀਂ ਬਦਲਦੀ ਹੈ ਤਾਂ ਅਸੀਂ ਇਸੇ ਤਰ੍ਹਾਂ ਆਪਣਾ ਅਭਿਆਸ ਜਾਰੀ ਰੱਖਾਂਗੇ।”
ਇਸ ’ਤੇ ਮੈਰੀ ਕਾਮ ਨੇ ਕਿਹਾ, ਜਦੋਂ ਤੋਂ ਮੈਂ ਜਾਰਡਨ ਤੋਂ ਆਈ ਹਾਂ ਉਦੋਂ ਤੋਂ ਮੈਂ ਘਰ ’ਚ ਹਾਂ। ਮੈਂ ਸਿਰਫ ਰਾਸ਼ਟਰਪਤੀ ਭਵਨ ’ਚ ਆਯੋਜਿਤ ਪ੍ਰੋਗਰਾਮ ’ਚ ਹਿੱਸਾ ਲਿਆ ਅਤੇ ਦੁਸ਼ਯੰਤ ਤੋਂ ਮਿਲੀ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਹੱਥ ਮਿਲਾਇਆ। ਜਾਰਡਨ ਤੋਂ ਪਰਤਨ ਤੋਂ ਬਾਅਦ ਮੇਰਾ ਸੈਲਫ ਆਈਸੋਲੇਸ਼ਨ ਖਤਮ ਹੋ ਗਿਆ ਪਰ ਮੈਂ ਤਿੰਨ-ਚਾਰ ਦਿਨ ਲਈ ਘਰ ਜਾ ਰਹੀ ਹਾਂ।