ਵਿਦੇਸ਼ ’ਚ ਜਨਮੇ ਲੋਕ ਮਾਪਿਆਂ ਦੇ ਆਧਾਰ ’ਤੇ ਲੈ ਸਕਣਗੇ ਕੈਨੇਡਾ ਦੀ ਨਾਗਰਿਕਤਾ

391
Share

ਔਟਵਾ, 10 ਨਵੰਬਰ (ਪੰਜਾਬ ਮੇਲ)- ਵਿਦੇਸ਼ ’ਚ ਜਨਮੇ ਲੋਕ ਵੀ ਹੁਣ ਕੈਨੇਡਾ ਦੀ ਨਾਗਰਿਕਤਾ ਹਾਸਲ ਕਰ ਸਕਦੇ ਨੇ, ਬਸ਼ਰਤੇ ਉਨ੍ਹਾਂ ਦੇ ਮਾਪਿਆਂ ਵਿਚੋਂ ਇੱਕ ਜਣਾ ਕੈਨੇਡਾ ਦਾ ਜੰਮਪਲ ਤੇ ਨਾਗਰਿਕ ਹੋਣਾ ਚਾਹੀਦਾ ਹੈ। ਕੈਨੇਡਾ ਸਰਕਾਰ ਨੇ ਇਸ ਦੇ ਲਈ ਆਨਲਾਈਨ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯੋਗ ਉਮੀਦਵਾਰਾਂ ਨੂੰ ਆਪਣੇ ਮਾਤਾ ਜਾਂ ਪਿਤਾ ਦਾ ਸਿਟੀਜ਼ਨਸ਼ਿਪ ਦਾ ਸਬੂਤ ਨਾਲ ਨੱਥੀ ਕਰਨਾ ਜ਼ਰੂਰੀ ਹੈ। ਇੰਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਆਨਲਾਈਨ ਪੋਰਟਲ ਦੀ ਵਰਤੋਂ ਕਰਕੇ ਉਮੀਦਵਾਰ ਆਪਣੀ ਅਰਜ਼ੀ, ਫੀਸ ਤੇ ਹੋਰ ਦਸਤਾਵੇਜ਼ ਜਮ੍ਹਾ ਕਰਵਾ ਸਕਦੇ ਹਨ। ਫੈਡਰਲ ਸਰਕਾਰ ਕੋਲ ਇੱਕ ਅਜਿਹਾ ਆਨਲਾਈਨ ਟੂਲ ਹੈ, ਜੋ ਉਮੀਦਵਾਰਾਂ ਨੂੰ ਇਹ ਦੇਖਣ ਦੀ ਇਜਾਜ਼ਤ ਦਿੰਦਾ ਹੈ ਕਿ ਕੀ ਉਹ ਸਿਟੀਜ਼ਸ਼ਿਪ ਲਈ ਆਨਲਾਈਨ ਅਰਜ਼ੀ ਦੇਣ ਦੇ ਯੋਗ ਹਨ ਜਾਂ ਨਹੀਂ। ਯੋਗ ਉਮੀਦਵਾਰਾਂ ਨੂੰ ਇੱਕ ਖਾਤਾ ਬਣਾਉਣ ਜਾਂ ਮੌਜੂਦਾ ਇੱਕ ਨਾਲ ਲੌਗਇਨ ਕਰਨ ਲਈ ਕਿਹਾ ਜਾਵੇਗਾ। ਜੇਕਰ ਉਮੀਦਵਾਰ ਆਪਣੇ ਖੁਦ ਦੇ ਰਿਕਾਰਡ ਦੀ ਬੇਨਤੀ ਕਰ ਰਿਹਾ ਹੈ, ਤਾਂ ਉਸ ਨੂੰ ਇੱਕ ਖਾਤੇ ਦੀ ਵੀ ਲੋੜ ਪਏਗੀ। ਜੇਕਰ ਉਹ ਕਿਸੇ ਹੋਰ ਦੇ ਰਿਕਾਰਡ ਦੀ ਬੇਨਤੀ ਕਰ ਰਿਹਾ ਹੈ, ਤਾਂ ਉਸ ਨੂੰ ਕਾਗਜ਼ ’ਤੇ ਬੇਨਤੀ ਕਰਨੀ ਪਏਗੀ। ਇੰਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਨਲਾਈਨ ਅਰਜ਼ੀਆਂ ਲੈਣ ਦੇ ਇਸ ਮਾਧਿਅਮ ਨਾਲ ਕੈਨੇਡਾ ਜਾਂ ਅਮਰੀਕਾ ਤੋਂ ਬਾਹਰ ਬੈਠੇ ਲੋਕਾਂ ਦੇ ਸਮੇਂ ਦੀ ਬਚਤ ਹੋਵੇਗੀ। ਉਮੀਦਵਾਰਾਂ ਨੂੰ ਅੰਬੈਸੀ ਜਾਂ ਹਾਈ ਕਮਿਸ਼ਨ ਦੇ ਦਫ਼ਤਰ ਜਾਣ ਦੀ ਲੋੜ ਨਹੀਂ ਪਏਗੀ, ਪਰ ਜੇਕਰ ਉਹ ਉੱਥੇ ਜਾਣਾ ਚਾਹੁੰਦੇ ਹਨ, ਤਾਂ ਇਹ ਉਨ੍ਹਾਂ ਦੀ ਇੱਛਾ ’ਤੇ ਨਿਰਭਰ ਹੈ। ਹਾਲਾਂਕਿ ਕੈਨੇਡਾ ਸਰਕਾਰ ਕਾਗਜ਼ੀ ਅਰਜ਼ੀਆਂ ਵੀ ਸਵੀਕਾਰ ਕਰਦੀ ਰਹੇਗੀ, ਜਿਨ੍ਹਾਂ ਉਮੀਦਵਾਰਾਂ ਨੇ ਕਾਗਜ਼ੀ ਅਰਜ਼ੀਆਂ ਜਮ੍ਹਾ ਕਰਵਾਈਆਂ ਹੋਈਆਂ ਹਨ, ਉਹ ਆਨਲਾਈਨ ਪ੍ਰਕਿਰਿਆ ਰਾਹੀਂ ਅਪਲਾਈ ਨਾ ਕਰਨ।


Share