ਵਿਦੇਸ਼ ਗਏ ਪੁਲਿਸ ਦੇ ਸੱਤ ਅਧਿਕਾਰੀ ਨੌਕਰੀ ਤੋਂ ਬਰਖਾਸਤ

110
Share

-ਐੱਸ.ਐੱਸ.ਪੀ. ਪਟਿਆਲਾ ਵੱਲੋਂ ਪੁਲਿਸ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ
ਪਟਿਆਲਾ, 23 ਮਾਰਚ (ਪੰਜਾਬ ਮੇਲ)- ਪੁਲਿਸ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਦਿਆਂ ਐੱਸ.ਐੱਸ.ਪੀ., ਪਟਿਆਲਾ ਨੇ 7 ਜਣਿਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਵਿਚੋਂ 6 ਪੁਲਿਸ ਅਧਿਕਾਰੀ ਵਿਦੇਸ਼ ਗਏ, ਜੋ ਵਾਪਸ ਨਹੀਂ ਆਏ ਹਨ। ਐੱਸ.ਐੱਸ.ਪੀ. ਵਿਕਰਮਜੀਤ ਦੁੱਗਲ ਨੇ ਉਨ੍ਹਾਂ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ, ਜੋ ਲੰਬੇ ਸਮੇਂ ਤੋਂ ਆਪਣੀ ਡਿਊਟੀ ਤੋਂ ਗ਼ੈਰਹਾਜ਼ਰ ਚੱਲੇ ਆ ਰਹੇ ਸਨ। ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਸ਼ੁਰੂ ਕੀਤੀ ਵਿਭਾਗੀ ਜਾਂਚ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ ਸੱਤ ਅਧਿਕਾਰੀਆਂ ਵਿਚੋਂ 6 ਵਿਦੇਸ਼ ਚਲੇ ਗਏ ਹਨ ਅਤੇ ਸਾਰੇ ਅੱਜ ਤਕ ਗ਼ੈਰਹਾਜ਼ਰ ਹਨ। ਵਿਕਰਮਜੀਤ ਦੁੱਗਲ ਨੇ ਇਹ ਵੀ ਕਿਹਾ ਕਿ ਪੁਲਿਸ ਫੋਰਸ ’ਚ ਇਸ ਕਿਸਮ ਦਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਪਰਾਧੀਆਂ ਨੂੰ ਅਨੁਸਾਸ਼ਨ ਭੰਗ ਕਰਨ ’ਤੇ ਪੁਲਿਸ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ ਸਜ਼ਾ ਵੀ ਦਿੱਤੀ ਜਾਵੇਗੀ। ਏ.ਐੱਸ.ਆਈ. ਸਤਵਿੰਦਰ ਸਿੰਘ, ਹੈੱਡ ਕਾਂਸਟੇਬਲ ਚਰਨੋ ਦੇਵੀ, ਕਾਂਸਟੇਬਲ ਗਗਨਦੀਪ ਸਿੰਘ, ਕਾਂਸਟੇਬਲ ਮਨਿੰਦਰ ਸਿੰਘ, ਕਾਂਸਟੇਬਲ ਜਤਿੰਦਰਪਾਲ ਸਿੰਘ, ਕਾਂਸਟੇਬਲ ਗੁਰਪ੍ਰੀਤ ਕੌਰ, ਤੇ ਕਾਂਸਟੇਬਲ ਸੰਦੀਪ ਕੌਰ ਖ਼ਿਲਾਫ਼ ਕੀਤੀ ਵਿਭਾਗੀ ਜਾਂਚ ਮੁਕੰਮਲ ਹੋਣ ’ਤੇ ਐੱਸ.ਐੱਸ.ਪੀ. ਵਿਕਰਮਜੀਤ ਦੁੱਗਲ ਨੇ ਉਕਤ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

Share