ਵਿਦੇਸ਼ੀ ਸਹਾਇਤਾ ਵਜੋਂ ਮਿਲੇ ਮੈਡੀਕਲ ਉਪਕਰਨ ਕੋਰੋਨਾ ਮਰੀਜ਼ਾਂ ਦੀ ਮਦਦ ਲਈ : ਦਿੱਲੀ ਹਾਈ ਕੋਰਟ

358
Share

ਨਵੀਂ ਦਿੱਲੀ, 6 ਮਈ (ਪੰਜਾਬ ਮੇਲ)- ਦਿੱਲੀ ਹਾਈਕੋਰਟ ਦੇ ਜੱਜ ਵਿਪਿਨ ਸਾਂਗੀ ਅਤੇ ਰੇਖਾ ਪਾਲੀ ਦੇ ਇਕ ਬੈਂਚ ਨੇ ਕਿਹਾ ਕਿ ਵਿਦੇਸ਼ੀ ਸਹਾਇਤਾ ਵਜੋਂ ਮਿਲੇ ਮੈਡੀਕਲ ਉਪਕਰਨ ਕੋਰੋਨਾ ਮਰੀਜ਼ਾਂ ਦੀ ਮਦਦ ਵਾਸਤੇ ਹਨ, ਨਾ ਕਿ ਕੁਝ ਸੰਸਥਾਵਾਂ ਦੇ ਡੱਬਿਆਂ ’ਚ ਰੱਖਣ ਲਈ ਕਿ ਜਿੱਥੇ ਇਹ ਪਏ-ਪਏ ਕਬਾੜ ਬਣ ਜਾਣ। ਐਮਿਕਸ ਕਿਊਰੀ (ਨਿਆਂ ਮਿੱਤਰ) ਤੇ ਸੀਨੀਅਰ ਵਕੀਲ ਰਾਜਸ਼ੇਖਰ ਰਾਓ ਵੱਲੋਂ ਕੇਂਦਰ ਤੇ ਦਿੱਲੀ ਸਰਕਾਰ ਵੱਲੋਂ ਸਹਾਇਤਾ ਦੇ ਤੌਰ ’ਤੇ ਮਿਲੇ ਮੈਡੀਕਲ ਉਪਕਰਨਾਂ ਦੀ ਵੰਡ ਕਰਨ ਦੇ ਤਰੀਕੇ ’ਤੇ ਪ੍ਰਗਟਾਈ ਚਿੰਤਾ ’ਤੇ ਅਦਾਲਤ ਨੇ ਉਕਤ ਟਿੱਪਣੀ ਕੀਤੀ ਹੈ। ਰਾਓ ਨੇ ਕਿਹਾ ਕਿ ਲੇਡੀ ਹਾਰਡਿੰਗ ਕਾਲਜ ਨੂੰ ਲਗਭਗ 260 ਆਕਸੀਜਨ ਕੰਨਸਟ੍ਰੇਟਰ ਦਿੱਤੇ ਗਏ, ਜਦਕਿ ਉਥੇ ਇੰਨੀ ਮਾਤਰਾ ’ਚ ਲੋੜ ਨਹੀਂ ਸੀ। ਇਸ ’ਤੇ ਅਦਾਲਤ ਨੇ ਕੇਂਦਰ ਨੂੰ ਵੱਖ-ਵੱਖ ਹਸਪਤਾਲਾਂ ’ਚ ਵਿਦੇਸ਼ੀ ਸਹਾਇਤਾ ਦੀ ਵੰਡ ਦੇ ਸਬੰਧ ’ਚ ਜ਼ਮੀਨੀ ਸਥਿਤੀ ਦੀ ਪੁਸ਼ਟੀ ਕਰਨ ਦਾ ਆਦੇਸ਼ ਦਿੱਤਾ। ਅਦਾਲਤ ਨੇ ਕੇਂਦਰ ਨੂੰ ਲੋਕਾਂ ਦੀ ਸੇਵਾ ’ਚ ਲੱਗੀਆਂ ਸਵੈ-ਸੇਵੀ ਸੰਸਥਾਵਾਂ ਜਿਵੇਂ ਕਿ ਗੁਰਦਆਰੇ ਅਤੇ ਗੈਰ-ਸਰਕਾਰੀ ਸੰਗਠਨਾਂ ਨੂੰ ਮੈਡੀਕਲ ਉਪਕਰਨ ਵੰਡਣ ’ਤੇ ਵਿਚਾਰ ਕਰਨ ਨੂੰ ਵੀ ਕਿਹਾ। ਇਸੇ ਦੌਰਾਨ ਦਿੱਲੀ ਹਾਈਕੋਰਟ ਨੇ ਇਹ ਵੀ ਕਿਹਾ ਕਿ ਇੰਝ ਪ੍ਰਤੀਤ ਹੁੰਦਾ ਹੈ ਕਿ ਦਿੱਲੀ ਸਰਕਾਰ ਨੇ ਤਰਲ ਮੈਡੀਕਲ ਆਕਸੀਜਨ (ਐੱਲ.ਐੱਮ.ਓ.) ਬਣਾਉਣ ਅਤੇ ਰਾਜਧਾਨੀ ’ਚ ਇਸ ਦੀ ਵੰਡ ਨੂੰ ਸੁਚਾਰੂ ਬਣਾਉਣ ਲਈ ਕਦਮ ਨਹੀਂ ਚੁੱਕੇ।

Share