ਵਿਦੇਸ਼ਾਂ ਵਿਚ ਆਜ਼ਾਦੀ ਦਿਵਸ : ਨਿਊਜ਼ੀਲੈਂਡ ਦੇ ਵਿਚ ਵੱਖ-ਵੱਖ ਥਾਵਾਂ ਉਤੇ ਮਨਾਇਆ ਗਿਆ ਆਜ਼ਾਦੀ ਦਿਵਸ- ਵੱਜੇ ਰਾਸ਼ਟਰੀ ਗੀਤ

1673
Share

ਔਕਲੈਂਡ 16 ਅਗਸਤ (-ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਭਾਰਤ ਦਾ 75ਵਾਂ ਆਜ਼ਾਦੀ ਦਿਵਸ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿਚ ਬੜੇ ਜੋਸ਼ੋ-ਖਰੋਸ਼ ਅਤੇ ਦੇਸ਼ ਭਗਤੀ ਦੇ ਗੀਤਾਂ ਨਾਲ ਮਨਾਇਆ ਗਿਆ। ਆਜ਼ਾਦੀ ਦਿਵਸ ਦਾ ਪਹਿਲਾ ਸਮਾਗਮ ਸ਼ਹਿਰ ਹਮਿਲਟਨ ਵਿਖੇ 14 ਅਗਸਤ ਦੀ ਸ਼ਾਮ ਨੂੰ ਕੰਟਰੀ ਸੈਕਸ਼ਨ ਨਿਊਜੀਲੈਂਡ ਇੰਡੀਅਨ ਐਸੋਸੀਏਸ਼ਨ ਵੱਲੋਂ ਮਨਾਇਆ ਗਿਆ। 1926 ਤੋਂ ਬਣੀ ਇਸ ਸੰਸਥਾ ਨੂੰ 95 ਸਾਲ ਹੋ ਗਏ ਹਨ ਤੇ ਭਾਰਤੀ ਲੋਕਾਂ ਦੀ ਤਰਜ਼ਮਾਨੀ ਕਰਦੀ ਇਸ ਸੰਸਥਾ ਦਾ ਵੱਡਾ ਇਤਿਹਾਸ ਹੈ। 75ਵੇਂ ਆਜ਼ਾਦੀ ਸਮਾਗਮ ਦੇ ਵਿਚ ਸਥਾਨਿਕ ਸਾਂਸਦ, ਅੰਦਰੂਨੀ ਮਾਮਲਿਆਂ ਦਾ ਵਿਭਾਗ ਅਤੇ ਕੌਂਸਿਲ ਮੈਂਬਰ ਇਸ ਮੌਕੇ ਪਹੁੰਚੇ ਸਨ। ਸਮਾਗਮ ਦੀ ਸ਼ਰੂਆਤ ਪ੍ਰਧਾਨ ਸ. ਰੁਪਿੰਦਰ  ਸਿੰਘ ਵਿਰਕ ਹੋਰਾਂ ਜੀ ਆਇਆਂ ਆਖ ਕੇ ਕੀਤੀ। ਝੰਡਾ ਲਹਿਰਾਉਣ ਦੀ ਰਸਮ ਸਮੁੱਚੇ ਕਮੇਟੀ ਮੈਂਬਰਾਂ ਵੱਲੋਂ ਸਾਂਝੇ ਰੂਪ ਵਿਚ ਕੀਤੀ ਗਈ। ਭਾਰਤ ਅਤੇ ਨਿਊਜ਼ੀਲੈਂਡ ਦਾ ਝੰਡਾ ਇਕੱਠਿਆਂ ਲਹਿਰਾਇਆ ਗਿਆ। ਰਾਸ਼ਟਰੀ ਗੀਤ ਵੱਜਿਆ। ਸਭਿਆਚਾਰਕ ਪ੍ਰੋਗਰਾਮ ਦੇ ਵਿਚ ਬੱਚਿਆਂ ਨੇ ਕਈ ਆਈਟਮਾਂ ਪੇਸ਼ ਕੀਤੀਆਂ। 7 ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀ ਉਥੇ ਪਹੁੰਚੇ ਸਨ। ਗੌਰਡਨ ਹਾਲ ਦੇ ਵਿਚ ਹੋਇਆ ਇਹ ਹਾਲ ਬਿਲਕੁਲ ਭਰ ਗਿਆ ਸੀ ਅਤੇ ਲੋਕਾਂ ਨੇ ਇਕ ਦੂਜੇ ਨੂੰ ਆਜ਼ਾਦੀ ਦਿਵਸ ਮੁਬਾਰਕ ਆਖਿਆ। ਚਾਹ-ਪਾਣੀ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ ਅਤੇ ਇਸਦਾ ਕੁਝ ਹਿੱਸਾ ਵੀ ਸਮਾਜਿਕ ਕਾਰਜਾਂ ਵਾਸਤੇ ਭੇਜਿਆ ਗਿਆ।
ਦੂਜਾ ਵੱਡਾ ਸਮਾਗਮ ਭਾਰਤੀ ਹਾਈ ਕਮਿਸ਼ਨ ਅਤੇ ਆਨਰੇਰੀ ਕੌਂਸਿਲ ਔਕਲੈਂਡ ਦਫਤਰ ਵੱਲੋਂ ਸਾਂਝੇ ਰੂਪ ਵਿਚ ਮਹਾਤਮਾ ਗਾਂਧੀ ਸੈਂਟਰ ਔਕਲੈਂਡ ਵਿਖੇ ਕੀਤਾ ਗਿਆ। ਇਸ ਮੌਕੇ ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪ੍ਰਦੇਸ਼ੀ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਗਿਆ। ਇਸ ਉਪਰੰਤ ਨਿਊਜ਼ੀਲੈਂਡ ’ਚ ਪਹਿਲੀ ਭਾਰਤੀ ਮੂਲ ਦੀ ਮਹਿਲਾ ਮੰਤਰੀ ਪਿ੍ਰਅੰਕਾ ਰਾਧਾਕ੍ਰਿਸ਼ਨ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਭੇਜਿਆ ‘ਪ੍ਰਵਾਸੀ ਭਾਰਤੀਆ ਐਵਾਰਡ’ ਭੇਟ ਕੀਤਾ ਗਿਆ। ਇਹ ਪਹਿਲੀ ਵਾਰ ਸੀ ਕਿ 1500 ਦੀ ਸਮਰੱਥਾ ਵਾਲਾ ਸਾਰਾ ਹਾਲ ਭਰ ਗਿਆ ਸੀ ਅਤੇ ਲੋਕ  ਬਾਹਰ ਖੜ੍ਹੇ ਸਨ। ਰੰਗਾ-ਰੰਗ ਪ੍ਰੋਗਰਾਮ ਦੇ ਵਿਚ ਦੇਸ਼ ਭਗਤੀ ਦੇ ਗੀਤ, ਲੋਕ ਨਾਚ ਅਤੇ ਹੋਰ ਕਈ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਔਕਲੈਂਡ ਦੇ ਮੇਅਰ ਸ੍ਰੀ ਫਿਲ ਗੌਫ, ਮੰਤਰੀ ਸ੍ਰੀ ਮਾਈਕਲ ਵੁੱਡ ਅਤੇ ਅਨੇਕਾਂ ਹੋਰ ਸਾਬਕਾ ਅਤੇ ਮੌਜੂਦਾ ਸੰਸਦ ਮੈਂਬਰ ਹਾਜ਼ਿਰ ਸਨ। ਦੇਸ਼ ਦੀ ਰਾਜਧਾਨੀ ਵਲਿੰਗਨ ਵਿਖੇ ਸਥਿਤ ਭਾਰਤ ਭਵਨ ਦੇ ਵਿਚ ਵੀ ਰਾਸ਼ਟਰੀ ਤਿਰੰਗਾ ਲਹਿਰਾਇਆ ਗਿਆ।
ਸਾਊਥ ਔਕਲੈਂਡ ਦੇ ਹਾਈ ਸਕੂਲ ’ਚ ਪਹਿਲੀ ਵਾਰ ਭਾਰਤੀ ਤਿਰੰਗਾ:  ਅੱਜ ਸਵੇਰੇ ਵੱਡੇ ਸਮਾਗਮ ਤੋਂ ਪਹਿਲਾਂ ਆਨਰੇਰੀ ਕੌਂਸਿਲ ਸ੍ਰੀ ਭਵ ਢਿੱਲੋਂ ਨੇ ਮੈਨੁਰੇਵਾ ਹਾਈ ਸਕੂਲ ਦੇ ਵਿਚ ਭਾਰਤੀ ਤਿਰੰਗਾ ਲਹਿਰਾਇਆ। ਇਸ ਮੌਕੇ ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਮਾਣਯੋਗ ਜੱਜ ਸ੍ਰੀ ਅਜੀਤ ਸਵਰਨ ਸਿੰਘ, ਸਕੂਲ ਦਾ ਪਿ੍ਰੰਸੀਪਲ, ਸਟਾਫ, ਬੱਚੇ ਅਤੇ ਕੁਝ ਹੋਰ ਪਤਵੰਤੇ ਸੱਜਣ ਹਾਜ਼ਿਰ ਸਨ। ਇਹ ਸਮਾਗਮ ਸ਼ਾਇਦ ਪਹਿਲੀ ਵਾਰ ਇਥੇ ਦੇ ਕਿਸੇ ਸਕੂਲ ਵਿਚ ਹੋਇਆ। ਜਿਸ ਦਾ ਸਿੱਧਾ ਮਤਲਬ ਹੈ ਕਿ ਸਾਊਥ ਔਕਲੈਂਡ ਦੇ ਵਿਚ ਭਾਰਤੀ ਕਮਿਊਨਿਟੀ ਅਤੇ ਕੀਵੀ ਕਮਿਊਨਿਟੀ ਦੇ ਨਾਲ ਆਪਸੀ ਸਮਝ ਹੋਰ ਵਧੀ ਹੈ। ਦੋਹਾਂ ਦੇਸ਼ਾਂ ਦੀ ਆਪਸੇ ਮਿਲਵਰਤਣ ਪ੍ਰਤੀ ਸ੍ਰੀ ਭਵ ਢਿੱਲੋਂ ਨੇ ਕਿਹਾ ਹੈ ਕਿ ਅਗਲੇ ਸਾਲ ਸ਼ਾਇਦ ਇਸ ਤੋਂ ਵੱਧ ਸਕੂਲਾਂ ਦੇ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਕੀਤੀ ਜਾਵੇ। ਅਜਿਹਾ ਹੋਣਾ ਸਾਬਿਤ ਕਰਦਾ ਹੈ ਕਿ ਭਾਰਤੀ ਅਤੇ ਨਿਊਜ਼ੀਲੈਂਡ ਦੇ ਸਮਾਜ ਵਿਚ ਰਿਸ਼ਤਿਆਂ ਦੀ ਪ੍ਰਵਾਨਗੀ ਹੋਰ ਪ੍ਰਵਾਨ ਹੋ ਰਹੀ ਹੈ। ਇਸ ਖੇਤਰ ਦੇ ਵਿਚ ਭਾਰਤੀ ਦੀ ਵਸੋਂ ਬਹੁਤ ਸੰਘਣੀ ਹੈ ਅਤੇ ਬਹੁਤ ਸਾਰੇ ਧਾਰਮਿਕ ਅਸਥਾਨ ਹਨ।
ਨਹਿਰੂ ਹਾਲ ਪੁੱਕੀਕੋਹੀ ਵਿਖੇ ਮਨਾਇਆ ਗਿਆ ਆਜ਼ਾਦੀ ਦਿਵਸ:   ਲਾਗਲੇ ਸ਼ਹਿਰ ਪੁੱਕੀਕੋਹੀ ਵਿਖੇ 1953 ਦੇ ਵਿਚ ਬਣੇ ਨਹਿਰੂ ਹਾਲ ’ਚ ਵੀ ਭਾਰਤੀ ਤਿਰੰਗਾ ਲਹਿਰਾਇਆ ਗਿਆ। ਇਥੇ ਪਹਿਲੀ ਵਾਰ 1953 ਦੇ ਵਿਚ ਝੰਡਾ ਲਹਿਰਾਇਆ ਗਿਆ ਸੀ ਅਤੇ ਹਰ ਸਾਲ ਪੁੱਕੀਕੋਹੀ ਇੰਡੀਅਨ ਐਸੋਸੀਏਸ਼ਨ ਵੱਲੋਂ ਇਹ ਸਮਾਗਮ ਉਲੀਕਿਆ ਜਾਂਦਾ ਹੈ। ਇਸ  ਵਾਰ ਝੰਡਾ ਲਹਿਰਾਉਣ ਦੀ ਰਸਮ ਸ੍ਰੀ ਲਾਲੂ ਭਗਤਾ (ਸੀਨੀਅਰ ਮੈਂਬਰ) ਵੱਲੋਂ ਕੀਤੀ ਗਈ। ਇਸ ਤੋਂ ਬਾਅਦ ਰਾਸ਼ਟਰੀ ਗਾਨ ਕੀਤਾ ਗਿਆ। ਇਸ ਤੋਂ ਬਾਅਦ ਸਾਰੇ ਪੁੱਜੇ ਮਹਿਮਾਨਾਂ ਨੂੰ ਚਾਹ ਪਾਣੀ ਪਿਲਾਇਆ ਗਿਆ।


Share