ਵਿਦੇਸ਼ਾਂ ‘ਚ ਫਸੇ ਸੈਲਾਨੀਆਂ ਨੂੰ ਭਾਰਤ ਵਾਪਸ ਲਿਆਉਣ ਲਈ ਸੰਜੀਦਾ ਨਹੀਂ ਸਰਕਾਰ

781

ਜਲੰਧਰ, 22 ਅਪ੍ਰੈਲ (ਮੇਜਰ ਸਿੰਘ/ਪੰਜਾਬ ਮੇਲ)- ਮਾਰਚ 2020 ‘ਚ ਵਿਦੇਸ਼ ਸੈਰ ਸਪਾਟੇ ਲਈ ਗਏ ਭਾਰਤੀ ਨਾਗਰਿਕ ਅਚਾਨਕ ਅੰਤਰਰਾਸ਼ਟਰੀ ਉਡਾਣਾਂ ਬੰਦ ਹੋ ਜਾਣ ਕਾਰਨ ਵਿਦੇਸ਼ਾਂ ਵਿਚ ਹੀ ਫ਼ਸ ਗਏ ਹਨ। ਉਨ੍ਹਾਂ ਵਲੋਂ ਵਾਪਸ ਵਤਨ ਪਰਤਣ ਲਈ ਕੀਤੀਆਂ ਜਾ ਰਹੀਆਂ ਸਾਰੀਆਂ ਚਾਰਾਜੋਈਆਂ ਨਾਕਾਮ ਹੋ ਰਹੀਆਂ ਹਨ। ਜਦੋਂਕਿ ਭਾਰਤ ‘ਚ ਆਏ ਵਿਦੇਸ਼ੀ ਨਾਗਰਿਕ ਲਗਾਤਾਰ ਆਪਣੇ ਵਤਨ ਵਾਪਸ ਪਰਤ ਰਹੇ ਹਨ। ਭਾਰਤ ਸਰਕਾਰ ਵਲੋਂ ਹਾਲੇ ਤੱਕ ਵਿਦੇਸ਼ਾਂ ‘ਚ ਫ਼ਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕੋਈ ਯੋਜਨਾ ਨਹੀਂ ਉਲੀਕੀ ਗਈ ਹੈ। ਜਦੋਂ ਕਿ ਯੂ.ਕੇ., ਫਰਾਂਸ, ਅਮਰੀਕਾ, ਕੈਨੇਡਾ, ਸਾਊਥ ਕੋਰੀਆ, ਆਸਟ੍ਰੇਲੀਆ ਇਥੋਂ ਤੱਕ ਕਿ ਪਾਕਿਸਤਾਨ ਵੀ ਆਪਣੇ ਨਾਗਰਿਕਾਂ ਨੂੰ ਭਾਰਤ ਤੋਂ ਵਾਪਸ ਲੈ ਜਾ ਰਿਹਾ ਹੈ। ਭਾਰਤ ਸਰਕਾਰ ਵਲੋਂ ਵਿਦੇਸ਼ਾਂ ਵਿਚ ਸੈਰ ਸਪਾਟੇ ਲਈ ਗਏ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਟਾਲ-ਮਟੋਲ ਵਾਲੀ ਨੀਤੀ ਅਪਨਾਈ ਜਾ ਰਹੀ ਹੈ। ਭਾਰਤੀ ਸੈਲਾਨੀਆਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਏਅਰਲਾਈਨਜ਼ ਕੰਪਨੀਆਂ ਵਲੋਂ ਵੀ ਕੋਈ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ ਅਤੇ ਏਅਰਲਾਈਨਜ਼ ਨੇ ਆਪਣੇ ਦਫ਼ਤਰ ਅਤੇ ਟੈਲੀਫ਼ੋਨ ਨੰਬਰ ਬੰਦ ਕਰ ਦਿੱਤੇ ਹਨ। ਉਨ੍ਹਾਂ ਵਲੋਂ ਭੇਜੀਆਂ ਜਾ ਰਹੀਆਂ ਈ-ਮੇਲ ਦਾ ਵੀ ਕੋਈ ਜਵਾਬ ਨਹੀਂ ਮਿਲ ਰਿਹਾ। ਇਨ੍ਹਾਂ ਸੈਲਾਨੀਆਂ ਦੇ ਸੈਰ ਸਪਾਟਾ ਅਤੇ ਸਿਹਤ ਬੀਮੇ ਕਰਨ ਵਾਲੀਆਂ ਕੰਪਨੀਆਂ ਨੇ ਕੋਰੋਨਾ ਮਹਾਂਮਾਰੀ ਦੇ ਚੱਲਦੇ ਇਨ੍ਹਾਂ ਦੇ ਬੀਮੇ ਦੀਆਂ ਪਾਲਿਸੀਆਂ ਨੂੰ ਵੀ ਅੱਗੇ ਨਹੀਂ ਵਧਾਇਆ ਹੈ, ਜਿਸ ਨਾਲ ਉਨ੍ਹਾਂ ਨੂੰ ਸਿਹਤ ਸਹੂਲਤ ਲੈਣ ‘ਚ ਵੀ ਭਾਰੀ ਔਕੜ ਪੇਸ਼ ਆ ਰਹੀ ਹੈ। ਵਿਦੇਸ਼ਾਂ ਵਿਚ ਵੀ ਤਾਲਾਬੰਦੀ ਹੋਣ ਨਾਲ ਇਹ ਭਾਰਤੀ ਨਾਗਰਿਕ ਏਅਰਲਾਈਨਜ਼ ਦਫ਼ਤਰ ਨਾਲ ਸੰਪਰਕ ਕਰਨ ਵਿਚ ਅਸਮਰਥ ਹਨ ਅਤੇ ਉਨ੍ਹਾਂ ਵਲੋਂ ਹੋਰ ਸਾਧਨਾਂ ਰਾਹੀਂ ਬੀਮਾ ਕੰਪਨੀਆਂ, ਏਅਰਲਾਈਨਜ਼, ਏਅਰਪੋਰਟ ਅਥਾਰਟੀ, ਹਾਈ ਕਮਿਸ਼ਨ ਅਤੇ ਕੌਂਸਲੇਟ ਜਨਰਲ ਦੇ ਦਫ਼ਤਰਾਂ ਵਿਚ ਟੈਲੀਫ਼ੋਨ ਅਤੇ ਈ-ਮੇਲ ਰਾਹੀਂ ਸੰਪਰਕ ਕਰਨ ‘ਤੇ ਕੋਈ ਢੁਕਵਾਂ ਜਵਾਬ ਨਹੀਂ ਮਿਲ ਰਿਹਾ ਹੈ। ਮਾਯੂਸੀ ਦਾ ਆਲਮ ਇਥੋਂ ਤੱਕ ਵੱਧ ਗਿਆ ਹੈ ਕਿ ਉਪਰੋਕਤ ਸੰਸਥਾਵਾਂ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਹ ਭਾਰਤੀ ਸੈਲਾਨੀ ਆਪਣਾ ਰੋਸ ਪ੍ਰਗਟ ਕਰ ਰਹੇ ਹਨ।