ਵਿਦੇਸ਼ਾਂ ‘ਚ ਫਸੇ ਭਾਰਤੀਆਂ ਦੀ ਘਰ ਵਾਪਸੀ ਦੇ ਪ੍ਰਬੰਧਾਂ ਦੇ ਤਹਿਤ 64 ਫਲਾਈਟਾਂ ਦਾ ਸ਼ਡਿਊਲ ਜਾਰੀ

811

ਪੰਜਾਬ ਸਰਕਾਰ ਵਲੋਂ ਦੇਸ਼ ਦੇ ਹੋਰ ਸੂਬਿਆਂ ਅਤੇ ਵਿਦੇਸ਼ਾਂ ‘ਚ ਫਸੇ ਪੰਜਾਬੀਆਂ ਦੀ ਵਾਪਸੀ ਦੇ ਇੰੰਤਜ਼ਾਮ ਕੀਤੇ ਜਾ ਰਹੇ ਹਨ। ਪੰਜਾਬ ਵਾਪਸੀ ਲਈ ਜਾਰੀ ਰਜਿਸਟ੍ਰੇਸ਼ਨ ਦੇ ਤਹਿਤ ਹੁਣ ਤਕ ਦੇਸ਼-ਵਿਦੇਸ਼ਾਂ ‘ਚ ਫਸੇ ਤਕਰੀਬਨ 20,000 ਪੰਜਾਬੀਆਂ ਨੇ ਘਰ ਵਾਪਸੀ ਦੀ ਇੱਛਾ ਜ਼ਾਹਰ ਕੀਤੀ ਹੈ। ਇਨ੍ਹਾਂ ‘ਚ ਦੇਸ਼ ਦੇ ਦੂਸਰੇ ਸੂਬਿਆਂ ‘ਚ ਫਸੇ 17,000 ਅਤੇ 88 ਦੇਸ਼ਾਂ ‘ਚ ਫਸੇ ਤਕਰੀਬਨ 3000 ਪੰਜਾਬੀ ਸ਼ਾਮਲ ਹਨ। ਦੂਜੇ ਪਾਸੇ ਕੋਰੋਨਾ ਇਨਫੈਕਸ਼ਨ ਦੇ ਟੈਸਟਾਂ ਨੂੰ ਲੈ ਕੇ ਪੰਜਾਬ ਪਹਿਲਾਂ ਹੀ ਸੀਮਤ ਟੈਸਟ ਸਮਰੱਥਾ ਨਾਲ ਜੂਝ ਰਿਹਾ ਹੈ। ਘੱਟ ਟੈਸਟਿੰਗ ਸਮਰੱਥਾ ਕਾਰਨ ਪੰਜਾਬ ‘ਤੇ ਹੁਣ ਹੋਰ ਖਤਰਾ ਮੰਡਰਾਉਣ ਲੱਗਾ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਪਰਤੇ 2635 ਸ਼ਰਧਾਲੂ ਤੇ ਰਾਜਸਥਾਨ ਤੋਂ ਆਉਣ ਵਾਲੇ 2665 ਪ੍ਰਵਾਸੀ ਮਜ਼ਦੂਰਾਂ ‘ਚੋਂ ਸੈਂਕੜੇ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪੰਜਾਬ ਸਰਕਾਰ ਟੈਸਟਿੰਗ ਪ੍ਰਕਿਰਿਆ ਨਾਲ ਜੂਝ ਰਹੀ ਹੈ। ਅਜੇ ਵੀ ਪੰਜਾਬ ‘ਚ 4000 ਨਾਲੋਂ ਜ਼ਿਆਦਾ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਇਹ ਗਿਣਤੀ ਦੂਜੇ ਸੂਬਿਆਂ ਅਤੇ ਵਿਦੇਸ਼ਾਂ ‘ਚੋਂ ਆਉਣ ਵਾਲੇ ਲੋਕਾਂ ਨਾਲੋਂ ਕਾਫੀ ਘੱਟ ਹੈ।
ਵਿਦੇਸ਼ ਮੰਤਰਾਲਾ ਨੇ ਵਿਦੇਸ਼ਾਂ ‘ਚ ਫਸੇ ਭਾਰਤੀਆਂ ਦੀ ਘਰ ਵਾਪਸੀ ਦੇ ਪ੍ਰਬੰਧਾਂ ਦੇ ਤਹਿਤ 64 ਫਲਾਈਟਾਂ ਦਾ ਸ਼ਡਿਊਲ ਜਾਰੀ ਕੀਤਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਦੁਬਈ ਤੋਂ ਜਲਦੀ ਹੀ 200 ਲੋਕਾਂ ਨੂੰ ਲੈ ਕੇ ਪਹਿਲੀ ਫਲਾਈਟ ਅੰਮ੍ਰਿਤਸਰ ਪੁੱਜੇਗੀ। ਵਿਦੇਸ਼ ਮੰਤਰਾਲਾ ਵਲੋਂ ਵਿਦੇਸ਼ਾਂ ‘ਚੋਂ ਆਉਣ ਵਾਲੇ ਭਾਰਤੀਆਂ ਦੀ ਜਾਂਚ ਲਈ ਸਾਰੇ ਏਅਰੋਪਰਟਸ ‘ਤੇ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ, ਜੋ ਸੂਬਾ ਸਰਕਾਰਾਂ ਵਲੋਂ ਨਿਯੁਕਤ ਨੋਡਲ ਅਧਿਕਾਰੀਆਂ ਦੇ ਨਾਲ ਕੋਆਰਡੀਨੇਟ ਕਰਕੇ ਵਿਦੇਸ਼ਾਂ ‘ਚੋਂ ਆਉਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਯਕੀਨੀ ਬਣਾਉਣਗੇ।